ਘਨੌਲੀ: ਭਾਰਤੀ ਕਿਸਾਨ ਯੂਨੀਅਨ ਹਿਮਾਚਲ ਪ੍ਰਦੇਸ਼ ਵੱਲੋਂ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਅੱਜ ਨਾਲਾਗੜ੍ਹ ਤੋਂ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਫ਼ਤਹਿ ਮਾਰਚ ਕੱਢਿਆ ਗਿਆ। ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨਾਂ ਦੁਆਰਾ ਅਨਾਜ ਮੰਡੀ ਨਾਲਾਗੜ੍ਹ ਵਿਖੇ ਰੈਲੀ ਕੀਤੀ ਗਈ, ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਅਨਿੰਦਰ ਸਿੰਘ ਨਾਟੀ, ਜ਼ਿਲ੍ਹਾ ਸੋਲਨ ਦੇ ਪ੍ਰਧਾਨ ਸੁਰਮੁੱਖ ਸਿੰਘ ਢਾਣਾ, ਕਾਂਗਰਸੀ ਵਿਧਾਇਕ ਲਖਵਿੰਦਰ ਸਿੰਘ ਰਾਣਾ, ਸ਼੍ਰੋਮਣੀ ਕਮੇਟੀ ਮੈਬਰ ਦਲਜੀਤ ਸਿੰਘ ਭਿੰਡਰ, ਅਵਤਾਰ ਸਿੰਘ ਖੇੜਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮਾਰਕੀਟ ਕਮੇਟੀ ਨਾਲਾਗੜ੍ਹ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਅਨਾਜ ਮੰਡੀ ਵਿੱਚ ਰੈਲੀ ਕਰਨ ਤੋਂ ਰੋਕਣ ਦਾ ਯਤਨ ਵੀ ਕੀਤਾ। ਰੈਲੀ ਮਗਰੋਂ ਕੀਤੇ ਫ਼ਤਹਿ ਮਾਰਚ ਦਾ ਦਬੋਟਾ, ਭਰਤਗੜ੍ਹ, ਸ੍ਰੀ ਕੀਰਤਪੁਰ ਸਾਹਿਬ ਤੇ ਹੋਰ ਥਾਈਂ ਸਵਾਗਤ ਕੀਤਾ ਗਿਆ। -ਪੱਤਰ ਪ੍ਰੇਰਕ