ਜਸਵੰਤ ਜੱਸ
ਫ਼ਰੀਦਕੋਟ, 9 ਮਾਰਚ
ਫ਼ਰੀਦਕੋਟ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਜਿੱਤ-ਹਾਰ ਦੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨੇ ਨਿੱਜੀ ਚੈਨਲਾਂ ਵੱਲੋਂ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਚੋਣ ਸਰਵੇਖਣਾਂ ਨੂੰ ਰੱਦ ਕਰਦਿਆਂ ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਜਿੱਤਣ ਦਾ ਦਾਅਵਾ ਕੀਤਾ ਹੈ।
ਕਾਂਗਰਸੀ ਆਗੂ ਸੁਖਚੈਨ ਸਿੰਘ ਨੇ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਦੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਜੇਤੂ ਹੋਣ ਸਬੰਧੀ ਇੱਕ ਲੱਖ ਰੁਪਏ ਦੀ ਸ਼ਰਤ ਲਾਈ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਖਾਸ ਮੰਨੇ ਜਾਂਦੇ ਮਨਦੀਪ ਟੱਕਰ ਨੇ ਵੀ ਇੱਕ ਲੱਖ ਰੁਪਏ ਦੀ ਸ਼ਰਤ ਲਾਈ ਹੈ। ਇਹ ਦੋਵੇਂ ਆਗੂ ਆਪੋ-ਆਪਣੇ ਉਮੀਦਵਾਰਾਂ ਦੇ ਜਿੱਤਣ ਦਾ ਦਾਅਵਾ ਕਰ ਰਹੇ ਹਨ ਤੇ ਇਹ ਸ਼ਰਤਾਂ ਬਾਕਾਇਦਾ ਤਹਿਸੀਲ ਵਿੱਚ ਅਸ਼ਟਾਮ ’ਤੇ ਲਿਖਤ ਲਾਈਆਂ ਗਈਆਂ ਹਨ। ਇਸੇ ਤਰ੍ਹਾਂ ‘ਆਪ’ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਸਮਰਥਕਾਂ ਵੱਲੋਂ ਵੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਿੰਡ ਸਾਦਿਕ, ਗੋਲੇਵਾਲਾ ਤੇ ਸਾਧਾਂਵਾਲਾ ਵਿੱਚ ਗੁਰਦਿੱਤ ਸਿੰਘ ਸੇਖੋਂ ਦੀ ਜਿੱਤ ਬਾਰੇ ਵੀ ਸ਼ਰਤਾਂ ਲੱਗੀਆਂ ਹਨ। ਇਸ ਤੋਂ ਇਲਾਵਾ ਅੱਧੀ ਦਰਜਨ ਹੋਰ ਸਮਰੱਥਕਾਂ ਵੱਲੋਂ ਵੀ ਜਿੱਤ ਹਾਰ ਦੀਆਂ ਸ਼ਰਤਾਂ ਲਾਈਆਂ ਗਈਆਂ ਹਨ। ਚੋਣ ਨਤੀਜਿਆਂ ਬਾਰੇ ਉਮੀਦਵਾਰਾਂ ਦੇ ਸਮਰਥਕਾਂ ਦੀ ਉਤਸੁਕਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲੀਸ ਨੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਗਿਣਤੀ ਤੋਂ 12 ਘੰਟੇ ਪਹਿਲਾਂ ਹੀ ਫ਼ਰੀਦਕੋਟ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧ ਚੌਕਸ ਕਰ ਦਿੱਤੇ ਗਏ ਹਨ। ਉਮੀਦਵਾਰ ਸੋਸ਼ਲ ਮੀਡੀਆ ’ਤੇ ਵੋਟਰਾਂ ਦਾ ਮਨ ਟੋਹਣ ਲੱਗੇ ਹੋਏ ਹਨ। ਗਿਣਤੀ ਵਾਲੇ ਦਿਨ ਚੋਣ ਨਤੀਜੇ ਜਾਣਨ ਲਈ ਸ਼ਹਿਰ ਵਿੱਚ ਕੁਝ ਥਾਵਾਂ ਲੋਕਾਂ ਵੱਲੋਂ ਨਿੱਜੀ ਤੌਰ ’ਤੇ ਵਿਸ਼ੇਸ਼ ਸੂਚਨਾ ਕੇਂਦਰ ਸਥਾਪਤ ਕੀਤੇ ਗਏ ਹਨ। ਗਿਣਤੀ ਦੌਰਾਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਤੇ ਉਨ੍ਹਾਂ ਦੇ ਨੁਮਾਇੰਦੇ ਗਿਣਤੀ ਵਾਲੀ ਥਾਂ ਹਾਜ਼ਰ ਰਹਿਣਗੇ। ਪੁਲੀਸ ਨੇ ਉਕਤ ਥਾਵਾਂ ਦੇ ਆਲੇ-ਦੁਆਲੇ ਨਾਕਾਬੰਦੀ ਕੀਤੀ ਹੋਈ ਹੈ।