ਗੁਰਬਖਸ਼ਪੁਰੀ
ਤਰਨ ਤਾਰਨ, 26 ਫਰਵਰੀ
ਮਾਝਾ ਖਿੱਤੇ ਅੰਦਰ ਲਗਪਗ ਡੇਢ ਸਾਲ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਵਾਪਰੇ ਦਰਦਨਾਕ ਹਾਦਸੇ ਦੇ ਵੱਡੀ ਗਿਣਤੀ ਪੀੜਤ ਪਰਿਵਾਰ ਅੱਜ ਤੱਕ ਵੀ ਸਰਕਾਰੀ ਮੁਆਵਜ਼ਾ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ। ਇਸ ਹਾਦਸੇ ਵਿੱਚ 120 ਲੋਕਾਂ ਦੀ ਜਾਨ ਗਈ ਸੀ। ਜ਼ਿਕਰਯੋਗ ਹੈ ਕਿ ਬਹੁਤ ਘੱਟ ਪੀੜਤ ਪਰਿਵਾਰਾਂ ਨੂੰ ਹੁਣ ਤੱਕ ਸਰਕਾਰ ਵੱਲੋਂ ਐਲਾਨਿਆ ਪੰਜ ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ ਤੇ ਕਈ ਪਰਿਵਾਰਾਂ ਨੂੰ ਹਾਲੇ ਤੱਕ ਇੱਕ ਰੁਪਏ ਦਾ ਮੁਆਵਜ਼ਾ ਵੀ ਜਾਰੀ ਨਹੀਂ ਹੋਇਆ ਹੈ। ਮੁਆਵਜ਼ੇ ਦੀ ਰਕਮ ਲਈ ਪੀੜਤ ਪਰਿਵਾਰਾਂ ਨੂੰ ਐੱਸਡੀਐੱਮ ਦੇ ਦਫ਼ਤਰ ਦੇ ਚੱਕਰ ਮਾਰਨੇ ਪੈ ਰਹੇ ਹਨ। ਇਸ ਹਾਦਸੇ ’ਚ ਮਾਰੇ ਜਾਣ ਵਾਲਿਆਂ ’ਚ ਵੱਡੀ ਗਿਣਤੀ ਉਨ੍ਹਾਂ ਦੀ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਦੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀਆਂ ਵਿਧਵਾਵਾਂ ਨੂੰ ਹਾਲੇ ਤੱਕ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਹੈ।
ਨੇੜਲੇ ਪਿੰਡ ਪੰਡੋਰੀ ਗੋਲਾ ਦੇ ਮਰਹੂਮ ਦਿਲਬਾਗ ਸਿੰਘ (23) ਦੀ ਵਿਧਵਾ ਸ਼ਰਨਜੀਤ ਕੌਰ ਆਪਣੀਆਂ ਤਿੰਨ ਧੀਆਂ ਸੀਰਤ ਕੌਰ (5), ਕੀਰਤ ਕੌਰ (3) ਤੇ ਗੁਰਲੀਨ ਕੌਰ ਨੂੰ ਬਹੁਤ ਮੁਸ਼ਕਲਾਂ ਨਾਲ ਪਾਲ ਰਹੀ ਹੈ। ਸਭ ਤੋਂ ਛੋਟੀ ਗੁਰਲੀਨ ਕੌਰ ਆਪਣੇ ਪਿਤਾ ਦੀ ਮੌਤ ਵੇਲੇ ਸਿਰਫ਼ 15 ਦਿਨਾਂ ਦੀ ਸੀ। ਇੱਕ ਕਮਰੇ ਵਾਲੇ ਘਰ ਵਿੱਚ ਸ਼ਰਨਜੀਤ ਆਪਣੀਆਂ ਧੀਆਂ, ਸੱਸ, ਦਿਓਰ ਤੇ ਨਨਾਣ ਨਾਲ ਰਹਿ ਰਹੀ ਹੈ। ਸ਼ਰਨਜੀਤ ਨੇ ਦੱਸਿਆ ਕਿ ਮੁਆਵਜ਼ਾ ਲੈਣ ਸਬੰਧੀ ਲੋੜੀਂਦੇ ਦਸਤਾਵੇਜ਼ ਇੱਕ ਸਾਲ ਪਹਿਲਾਂ ਹੀ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾ ਦਿੱਤੇ ਗਏ ਸਨ, ਪਰ ਸਰਕਾਰ ਵੱਲੋਂ ਹਾਲੇ ਤੱਕ ਮੁਆਵਜ਼ਾ ਰਕਮ ਜਾਰੀ ਨਹੀਂ ਕੀਤੀ ਗਈ।
ਇਸੇ ਪਿੰਡ ਵਿੱਚ ਮਰਹੂਮ ਹੀਰਾ ਸਿੰਘ (30) ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਹੀਰਾ ਸਿੰਘ ਤੇ ਦਿਲਬਾਗ ਸਿੰਘ ਦੋਵਾਂ ਦੀ ਮੌਤ ਤੇ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਸਬੰਧੀ ਸਾਰੀ ਜਾਣਕਾਰੀ ਪ੍ਰਸ਼ਾਸਨ ਕੋਲ ਦਿੱਤੀ ਗਈ ਹੈ, ਪਰ ਅੱਜ ਤੱਕ ਇੱਕ ਪੈਸਾ ਵੀ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਗਿਆ। ਹੀਰਾ ਸਿੰਘ ਦੀ ਪਤਨੀ ਆਪਣੇ ਦੋ ਬੱਚਿਆਂ ਨੂੰ ਲੈ ਕੇ ਪੇਕੇ ਘਰ ਚਲੀ ਗਈ ਹੈ। ਇਸ ਹਾਦਸੇ ਦਾ ਸ਼ਿਕਾਰ ਹੋਇਆ ਪਿੰਡ ਭੁੱਲਰ ਦੇ ਵਸਨੀਕ ਚੰਨਾ ਦੇ ਪਰਿਵਾਰ ਨੂੰ ਵੀ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਹੈ।
ਪੀੜਤਾਂ ਨੂੰ 60 ਲੱਖ ਦਾ ਮੁਆਵਜ਼ਾ ਦੇਣਾ ਬਾਕੀ: ਡੀਸੀ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੀੜਤਾਂ ਲਈ 5.6 ਕਰੋੜ ਰੁਪਏ ਲੋੜੀਂਦੇ ਹਨ, ਪਰ ਸਰਕਾਰ ਨੇ ਅੱਜ ਤੱਕ ਪੰਜ ਕਰੋੜ ਰੁਪਏ ਹੀ ਭੇਜੇ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ 60 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਬਾਕੀ ਹੈ। ਅਧਿਕਾਰੀ ਨੇ ਕਿਹਾ ਲਗਪਗ ਤੀਹ ਪਰਿਵਾਰਾਂ ਵਿੱਚੋਂ ਕਈਆਂ ਨੂੰ ਪੂਰਾ ਅਤੇ ਕਈਆਂ ਨੂੰ ਮੁਆਵਜ਼ੇ ਦਾ ਕੁਝ ਹਿੱਸਾ ਹਾਲੇ ਦੇਣਾ ਬਾਕੀ ਹੈ।