ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਸਤੰਬਰ
ਹਲਕਾ ਜ਼ੀਰਾ ਦੇ ਪਿੰਡ ਸੇਖਵਾਂ ’ਚ ਠੱਗੀ ਦਾ ਸ਼ਿਕਾਰ ਹੋਏ ਕਈ ਲੋਕ ਇਨਸਾਫ਼ ਲਈ ਠੋਕਰਾਂ ਖਾ ਰਹੇ ਹਨ, ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਫ਼ਿਰੋਜ਼ਪੁਰ ਪ੍ਰੈੱਸ ਕਲੱਬ ’ਚ ਅੱਜ ਅੱਧੀ ਦਰਜਨ ਵਿਅਕਤੀਆਂ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇੱਥੇ ਪਿੰਡ ਸੇਖਵਾਂ ਦੇ ਗੁਰਪਿਆਰ ਸਿੰਘ ਨੇ ਦੋਸ਼ ਲਾਇਆ ਕਿ ਕੇਵਲ ਸਿੰਘ ਨਾਂ ਦੇ ਵਿਅਕਤੀ ਨੇ ਉਸ ਨਾਲ 25 ਲੱਖ ਦੀ ਠੱਗੀ ਮਾਰੀ ਹੈ, ਜਿਸ ਸਬੰਧੀ ਥਾਣਾ ਤਲਵੰਡੀ ਭਾਈ ’ਚ ਮੁਕੱਦਮਾ ਵੀ ਦਰਜ ਹੈ, ਪਰ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮੁਲਜ਼ਮ ਦੀ ਜ਼ਮਾਨਤ ਹੋ ਗਈ।
ਇਸੇ ਪਿੰਡ ਦੀ ਮਹਿੰਦਰ ਕੌਰ ਨੇ ਕੇਵਲ ਸਿੰਘ ’ਤੇ ਰਕਮ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗਣ ਦਾ ਦੋਸ਼ ਲਾਇਆ ਹੈ। ਇਸੇ ਤਰ੍ਹਾਂ ਗੁਰਮੇਜ ਸਿੰਘ ਵਾਸੀ ਸੇਖਵਾਂ ਨੇ ਦੱਸਿਆ ਕਿ ਕੇਵਲ ਸਿੰਘ ਅਤੇ ਉਸ ਦੀ ਪਤਨੀ ਨੇ ਰਾਜਸਥਾਨ ’ਚ ਜ਼ਮੀਨ ਦਵਾਉਣ ਦਾ ਝਾਂਸਾ ਦੇ ਕੇ ਉਸ ਤੋਂ 13 ਲੱਖ ਰੁਪਏ ਦੀ ਠੱਗੇ ਹਨ। ਉਸ ਨੇ ਦੱਸਿਆ ਕਿ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਮੁਲਜ਼ਮ ਖ਼ਿਲਾਫ਼ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਪਿੰਡ ਦੇ ਵਸਨੀਕ ਬਲਦੇਵ ਸਿੰਘ ਨੇ ਵੀ ਉਕਤ ਵਿਅਕਤੀ ’ਤੇ ਘੋੜਾ ਟਰਾਲਾ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਪੀੜਤਾਂ ਦਾ ਕਹਿਣਾ ਹੈ ਕਿ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਮੁਲਜ਼ਮ ਦੀ ਪਿੱਠ ’ਤੇ ਹਨ, ਜਿਸ ਕਰ ਕੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ ਵਿਧਾਇਕ ਨਰੇਸ਼ ਕਟਾਰੀਆ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਕੁਝ ਲੋਕ ਉਸ ਨੂੰ ਬਦਨਾਮ ਕਰਨ ਲਈ ਅਜਿਹੇ ਦੋਸ਼ ਲਾ ਰਹੇ ਹਨ।