ਦਰਸ਼ਨ ਸਿੰਘ ਸੋਢੀ
ਮੁਹਾਲੀ, 23 ਸਤੰਬਰ
ਯੂਥ ਅਕਾਲੀ ਦਲ ਦੇ ਆਗੂ ਅਤੇ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਮਿੱਡੂਖੇੜਾ ਨੂੰ ਕਤਲ ਕਰਵਾਉਣ ਵਾਲੇ ਅਰਮੀਨੀਆ ਵਿੱਚ ਬੈਠੇ ਹਨ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮਿੱਡੂਖੇੜਾ ਕਤਲ ਦੀਆਂ ਤਾਰਾਂ ਅਰਮੀਨੀਆ ਬੈਠੇ ਲੱਕੀ ਪਡਿਆਲ ਗਰੋਹ ਨਾਲ ਜੁੜੀਆਂ ਹਨ। 7 ਅਗਸਤ ਨੂੰ ਦਿਨ ਦਿਹਾੜੇ ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਸਮੀਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਸ਼ਰ੍ਹੇਆਮ ਗੋਲੀਆਂ ਮਾਰ ਕੇ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਤੱਕ ਪੁਲੀਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਐੱਸਐੱਸਪੀ ਨੇ ਦੱਸਿਆ ਕਿ ਮਟੌਰ ਥਾਣੇ ਵਿੱਚ ਦਰਜ ਇਸ ਕਤਲ ਮਾਮਲੇ ਦੀ ਤਫ਼ਤੀਸ਼ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਪਿੱਛੇ ਗੌਰਵ ਪਡਿਆਲ ਉਰਫ਼ ਲੱਕੀ ਪਡਿਆਲ ਵਾਸੀ ਖੁੱਡਾ ਅਲੀਸ਼ੇਰ ਯੂਟੀ ਦਾ ਹੱਥ ਹੈ, ਜੋ ਹੁਣ ਅਰਮੀਨੀਆ ਵਿੱਚ ਰਹਿੰਦਾ ਹੈ। ਪੰਜਾਬ ਵਿੱਚ ਕਈ ਅਪਰਾਧਿਕ ਕੇਸਾਂ ਵਿੱਚ ਲੋੜੀਂਦਾ ਲੱਕੀ ਪਡਿਆਲ ਇਸ ਸਮੇਂ ਦਵਿੰਦਰ ਬੰਬੀਹਾ ਗਰੋਹ ਚਲਾ ਰਿਹਾ ਹੈ। ਵਿੱਕੀ ਮਿੱਡੂਖੇੜਾ ਕਤਲ ਤੋਂ ਬਾਅਦ ਫੇਸਬੁੱਕ ’ਤੇ ਅਪਲੋਡ ਕੀਤੀ ਪੋਸਟ ਵਿੱਚ ਗੈਂਗਸਟਰ ਬੰਬੀਹਾ ਗਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਜਾਂਚ ਵਿੱਚ ਪਤਾ ਚੱਲਿਆ ਕਿ ਇਸ ਗਰੋਹ ਨੂੰ ਚਲਾ ਰਿਹਾ ਲੱਕੀ ਪਡਿਆਲ ਕਤਲ ਲਈ ਜ਼ਿੰਮੇਵਾਰ ਹੈ। ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਗੈਂਗਸਟਰ ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾ, ਜ਼ਿਲ੍ਹਾ ਗੁਰੂਗਰਾਮ, ਜੋ ਹੁਣ ਕਰਨਾਲ ਜੇਲ੍ਹ ਵਿੱਚ ਬੰਦ ਹੈ, ਨੇ ਆਪਣੇ ਗਰੋਹ ਦੇ ਭਗੌੜੇ ਹੋਏ ਸਾਥੀਆਂ ਦਾ ਲੱਕੀ ਪਡਿਆਲ ਨਾਲ ਤਾਲਮੇਲ ਕਰਵਾਇਆ ਸੀ। ਲੱਕੀ ਪਡਿਆਲ ਨੇ ਹੀ ਬੀਤੀ 20 ਜੂਨ ਨੂੰ ਕੌਂਸਲ ਚੌਧਰੀ ਦੇ ਭਗੌੜੇ ਸਾਥੀ ਵਿਕਾਸ ਮਾਹਲੇ ਵਾਸੀ ਪਿੰਡ ਧਨਵਾਪੁਰ ਜ਼ਿਲ੍ਹਾ ਗੁਰੂਗਰਾਮ ਅਤੇ ਪੁਨੀਤ ਸ਼ਰਮਾ ਵਾਸੀ ਜਲੰਧਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਸੁਖਮੀਤ ਉਰਫ਼ ਡਿਪਟੀ ਵਾਸੀ ਜਲੰਧਰ ਦਾ ਕਤਲ ਕਰਵਾਇਆ ਸੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿੱਚ ਕੇਸ ਦਰਜ ਹੈ। ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਜਲੰਧਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਗੌਰਵ ਪਡਿਆਲ ਉਰਫ਼ ਲੱਕੀ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਕੌਸ਼ਲ ਚੌਧਰੀ ਨੇ ਮੰਡੋਲੀ ਜੇਲ੍ਹ ਵਿੱਚ ਬੰਦ ਅਮਿਤ ਡਾਗਰ ਦੀ ਮਦਦ ਨਾਲ ਸੱਜਣ ਉਰਫ਼ ਭੋਲਾ ਵਾਸੀ ਬਿਸਾਨ ਜ਼ਿਲ੍ਹਾ ਝੱਜਰ (ਹਰਿਆਣਾ) ਅਤੇ ਅਨਿਲ ਉਰਫ਼ ਲੱਠ ਵਾਸੀ ਕਕਰੋਲਾ ਦਵਾਰਕਾ ਦਿੱਲੀ ਰਾਹੀਂ ਸਾਜ਼ਿਸ਼ ਤਹਿਤ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੋਵਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਗਏ ਸਨ ਅਤੇ ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਇਸ ਸਮੇਂ ਪੁਲੀਸ ਰਿਮਾਂਡ ’ਤੇ ਹੈ। ਡਾਗਰ ਤਿਹਾੜ ਜੇਲ੍ਹ ਵਿੱਚ ਬੰਦ ਹੈ।