ਚਰਨਜੀਤ ਭੁੱਲਰ
ਚੰਡੀਗੜ੍ਹ, 24 ਮਈ
ਸਿਹਤ ਮੰਤਰੀ ਵਿਜੈ ਸਿੰਗਲਾ ਦਾ ਜੱਦੀ ਪਿੰਡ ਭੁਪਾਲ ਕਲਾਂ ਹੁਣ ਉਦਾਸ ਹੈ| ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਇਸ ਪਿੰਡ ਵਿੱਚ ਉਦੋਂ ਖ਼ੁਸ਼ੀ ਦੇ ਰੌਂਅ ਸਨ ਜਦੋਂ ਵਿਜੈ ਸਿੰਗਲਾ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ| ਅੱਜ ਜਦੋਂ ਭ੍ਰਿਸ਼ਟਾਚਾਰ ਮਾਮਲੇ ’ਚ ਸਿਹਤ ਮੰਤਰੀ ਫੜੇ ਗਏ ਹਨ ਤਾਂ ਉਨ੍ਹਾਂ ਦਾ ਪਿੰਡ ਉਦਾਸ ਹੈ| ਪਿੰਡ ਭੁਪਾਲ ਦੇ ਲੋਕਾਂ ਨੂੰ ਸਿਹਤ ਮੰਤਰੀ ਤੋਂ ਉਮੀਦਾਂ ਸਨ ਜਿਨ੍ਹਾਂ ’ਤੇ ਹੁਣ ਪਾਣੀ ਫਿਰ ਗਿਆ ਹੈ| ਪਿੰਡ ਭੁਪਾਲ ਦੀ ਕਰੀਬ ਤਿੰਨ ਹਜ਼ਾਰ ਵੋਟ ਹੈ ਅਤੇ ਇਸ ਪਿੰਡ ਨੇ ਵਿਜੈ ਸਿੰਗਲਾ ਨੂੰ ਇੱਕਤਰਫ਼ਾ ਹੀ ਵੋਟਾਂ ਪਾਈਆਂ ਸਨ|
ਪਿੰਡ ਦੇ ਯੂਥ ਆਗੂ ਚੁਸਪਿੰਦਰ ਵੀਰ ਸਿੰਘ ਚਹਿਲ ਨੇ ਕਿਹਾ ਕਿ ਜਦੋਂ ਵਿਜੈ ਸਿੰਗਲਾ ਦੀ ਚੋਣ ਸੀ ਤਾਂ ਉਦੋਂ ਪਿੰਡ ਦੇ ਲੋਕਾਂ ਨੇ ਜੋਸ਼ ਨਾਲ ਵੋਟਾਂ ਪਾਈਆਂ ਸਨ ਪਰ ਹੁਣ ਜਦੋਂ ਅੱਜ ਭ੍ਰਿਸ਼ਟਾਚਾਰ ਦੀ ਖ਼ਬਰ ਪੁੱਜੀ ਤਾਂ ਲੋਕਾਂ ਨੂੰ ਝਟਕਾ ਲੱਗਿਆ| ਉਨ੍ਹਾਂ ਕਿਹਾ ਕਿ ਪਿੰਡ ਦੇ ਕੁੱਝ ਲੋਕ ਇਹ ਵੀ ਸੋਚਦੇ ਹਨ ਕਿ ਸਿਹਤ ਮੰਤਰੀ ਨਾਲ ਧੱਕਾ ਹੋਇਆ ਹੈ ਪਰ ਇਸ ਖ਼ਬਰ ਨੇ ਲੋਕਾਂ ਨੂੰ ਤਕਲੀਫ਼ ਦਿੱਤੀ ਹੈ| ਦੇਖਿਆ ਜਾਵੇ ਤਾਂ ਇਕੱਲਾ ਭੁਪਾਲ ਪਿੰਡ ਨਹੀਂ ਬਲਕਿ ਮਾਨਸਾ ਜ਼ਿਲ੍ਹੇ ਨੂੰ ਹੀ ਸੱਟ ਵੱਜੀ ਹੈ ਕਿਉਂਕਿ ਪਹਿਲੀ ਦਫ਼ਾ ਮਾਨਸਾ ਨੂੰ ਕੈਬਨਿਟ ਮੰਤਰੀ ਮਿਲਿਆ ਸੀ|
ਸ਼ੇਰ ਸਿੰਘ ਗਾਗੋਵਾਲ ਪਹਿਲਾਂ ਇਸ ਜ਼ਿਲ੍ਹੇ ਦੇ ਰਾਜ ਮੰਤਰੀ ਰਹੇ ਹਨ| ਵਿਜੈ ਸਿੰਗਲਾ ਦੇ ਪਰਿਵਾਰਕ ਮੈਂਬਰਾਂ ਦੇ ਫੋਨ ਅੱਜ ਬੰਦ ਆ ਰਹੇ ਹਨ| ਪਿੰਡ ਦੇ ਆਗੂ ਸੁਖਦੇਵ ਸਿੰਘ ਭੁਪਾਲ ਕਲਾਂ ਨੇ ਕਿਹਾ ਕਿ ਪਿੰਡ ਦੇ ਲੋਕ ਉਦਾਸੀ ਮਹਿਸੂਸ ਕਰ ਰਹੇ ਹਨ ਅਤੇ ਲੋਕਾਂ ਨੂੰ ਕੋਈ ਗੱਲ ਸਮਝ ਵੀ ਨਹੀਂ ਪੈ ਰਹੀ ਹੈ| ਉਨ੍ਹਾਂ ਕਿਹਾ ਕਿ ਲੋਕ ਇਹ ਵੀ ਆਖ ਰਹੇ ਹਨ ਕਿ ਕਿਤੇ ਸਿੰਗਲਾ ਨੂੰ ਫਸਾਇਆ ਤਾਂ ਨਹੀਂ ਗਿਆ| ਸਿਹਤ ਮੰਤਰੀ ਦੇ ਪਿਤਾ ਕੇਸੋ ਰਾਮ ਦਾ ਪਿੰਡ ਵਿਚ ਜ਼ਿਆਦਾ ਗੇੜਾ ਰਹਿੰਦਾ ਰਿਹਾ ਹੈ|
ਸਿਹਤ ਮੰਤਰੀ ਨੇ ਦਸਵੀਂ ਕਲਾਸ ਤੱਕ ਦੀ ਪੜ੍ਹਾਈ ਆਪਣੇ ਪਿੰਡ ਭੁਪਾਲ ਤੋਂ ਹੀ ਕੀਤੀ ਹੈ| ਕਰੀਬ ਸੱਤ ਵਰ੍ਹਿਆਂ ਤੋਂ ਉਹ ‘ਆਪ’ ਨਾਲ ਜੁੜੇ ਹੋਏ ਸਨ| ਉਨ੍ਹਾਂ ਨੇ ਜਦੋਂ ਰਿਕਾਰਡ ਵੋਟਾਂ ਦੇ ਫ਼ਰਕ ਨਾਲ ਮਾਨਸਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗਾਇਕ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ ਤਾਂ ਉਦੋਂ ਉਨ੍ਹਾਂ ਦੀ ਗੁੱਡੀ ਚੜ੍ਹ ਗਈ ਸੀ| ਵਿਜੈ ਸਿੰਗਲਾ ਨੂੰ ‘ਆਪ’ ਨੇ ਫ਼ਰਸ਼ ਤੋਂ ਅਰਸ਼ ’ਤੇ ਪਹੁੰਚਾ ਦਿੱਤਾ ਸੀ|
ਹਲਕਾ ਮਾਨਸਾ ਦੇ ਲੋਕ ਆਖਦੇ ਹਨ ਕਿ ਡਾ. ਵਿਜੈ ਸਿੰਗਲਾ ਖ਼ੁਦ ਕਾਫ਼ੀ ਠੀਕ ਸਮਝੇ ਜਾਂਦੇ ਸਨ ਪਰ ਉਨ੍ਹਾਂ ਦੇ ਆਸ-ਪਾਸ ਜੋ ਰਿਸ਼ਤੇਦਾਰਾਂ ਦਾ ਘੇਰਾ ਪੈ ਗਿਆ ਸੀ, ਉਸ ਤੋਂ ਹੀ ਕਈ ਸ਼ੰਕੇ ਖੜ੍ਹੇ ਹੋ ਗਏ ਸਨ| ਮਾਲੀ ਤੌਰ ’ਤੇ ਵਿਜੈ ਸਿੰਗਲਾ ਕਾਫ਼ੀ ਮਜ਼ਬੂਤ ਪੁਜ਼ੀਸ਼ਨ ਵਿਚ ਸਨ| ਉਨ੍ਹਾਂ ਕੋਲ ਕਰੀਬ 6.50 ਕਰੋੜ ਦੀ ਜਾਇਦਾਦ ਹੈ| ਉਨ੍ਹਾਂ ਕੋਲ ਬਠਿੰਡਾ ਤੇ ਮਾਨਸਾ ਵਿਚ ਦੋ ਮਕਾਨ ਹਨ ਅਤੇ ਮਾਨਸਾ ਜ਼ਿਲ੍ਹੇ ਵਿਚ ਇੱਕ ਹੋਟਲ ਅਤੇ ਦੁਕਾਨ ਵੀ ਹੈ| ਉਹ ਸਿਰਫ਼ 66 ਦਿਨ ਮੰਤਰੀ ਰਹੇ ਹਨ|