ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਜਨਵਰੀ
ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਨੇ ਹਾਲ ਦੀ ਘੜੀ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਫ਼ੈਸਲਾ ਅੱਗੇ ਪਾ ਦਿੱਤਾ ਹੈ ਤੇ ਹਾਈਕਮਾਂਡ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਕਾਂਗਰਸ ਹਾਈ ਕਮਾਂਡ ਨੇ ਆਦਮਪੁਰ ਹਲਕੇ ਤੋਂ ਉਨ੍ਹਾਂ ਦੀ ਟਿਕਟ ਕੱਟ ਕੇ ਬਸਪਾ ਦੇ ਸਾਬਕਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਮਹਿੰਦਰ ਸਿੰਘ ਕੇਪੀ ਨੇ ਟਿਕਟਾਂ ਦੀ ਹੋਈ ਕਾਣੀ ਵੰਡ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹਲਕਾ ਕਰਤਾਰਪੁਰ ਤੇ ਫਿਲੌਰ ਤੋਂ ਕਾਂਗਰਸ ਦੇ ਕਮਜ਼ੋਰ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਹਾਈਕਮਾਂਡ ਦੋਆਬੇ ਵਿਚ ਦਿੱਤੀਆਂ ਕੁਝ ਟਿਕਟਾਂ ’ਤੇ ਮੁੜ ਕੇ ਵਿਚਾਰ ਕਰੇ। ਉਧਰ, ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋ ਗਈਆਂ ਹਨ। ਉਨ੍ਹਾਂ ਦੇ ਘਰ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਪਹੁੰਚੇ ਤੇ ਗੁੱਸੇ-ਗਿਲੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਡਾ. ਵੇਰਕਾ ਹੀ ਮਹਿੰਦਰ ਸਿੰਘ ਕੇਪੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਵਾਉਣ ਲਈ ਮੋਰਿੰਡਾ ਲੈ ਗਏ ਸਨ। ਹਾਲਾਂਕਿ ਕੇਪੀ ਖੁਦ ਚੰਨੀ ਦੇ ਰਿਸ਼ਤੇਦਾਰ ਹਨ ਤੇ ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਹਨ। ਡਾ. ਵੇਰਕਾ ਨੇ ਕਿਹਾ ਕਿ ਕੇਪੀ ਪਰਿਵਾਰ ਦੀ ਸ਼ਹਾਦਤ ਨੂੰ ਹਾਈ ਕਮਾਂਡ ਕਦੇ ਵੀ ਅਣਗੌਲਿਆਂ ਨਹੀਂ ਕਰ ਸਕਦੀ। ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਉਹ ਹਰ ਵਾਰ ਹਾਈਕਮਾਂਡ ਦਾ ਫ਼ੈਸਲਾ ਮੰਨ ਕੇ ਆਪਣਾ ਹਲਕਾ ਵੀ ਬਦਲਦੇ ਰਹੇ ਹਨ ਪਰ ਇਸ ਵਾਰ ਤਾਂ ਪਾਰਟੀ ਨੇ ਉਨ੍ਹਾਂ ਨਾਲ ਜੱਗੋਂ ਤੇਰ੍ਹਵੀਂ ਕੀਤੀ ਹੈ। ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇਪੀ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਸੀ ਪਰ ਪਾਰਟੀ ਨੇ ਕੇਪੀ ਪਰਿਵਾਰ ਨੂੰ ਟਿਕਟ ਦੇ ਕਾਬਲ ਵੀ ਨਹੀਂ ਸਮਝਿਆ।