ਚੰਡੀਗੜ੍ਹ (ਟਨਸ): ਪੰਜਾਬ ’ਚ ‘ਆਪ’ ਦੀ ਸਰਕਾਰ ਦੇ ਗਠਨ ਤੋਂ ਪਹਿਲਾਂ ਪ੍ਰਸ਼ਾਸਕੀ ਨਿਯੁਕਤੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਅੱਜ 1991 ਬੈਚ ਦੇ ਆਈਏਐੱਸ ਅਫਸਰ ਏ. ਵੇਣੂ ਪ੍ਰਸਾਦ ਨੂੰ ਭਗਵੰਤ ਸਿੰਘ ਮਾਨ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਜੂਦਾ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਉਨ੍ਹਾਂ ਦੇ ਅਹੁਦੇ ’ਤੇ ਕਾਇਮ ਰੱਖਣ ਦੀਆਂ ਖ਼ਬਰਾਂ ਵੀ ਹਨ। ਰਾਜ ਦੇ ਮੁੱਖ ਸਕੱਤਰ ਦੀ ਨਿਯੁਕਤੀ ਲਈ ਹੋਰਨਾਂ ਸੀਨੀਅਰ ਅਧਿਕਾਰੀਆਂ ਦਰਮਿਆਨ ਵੀ ਦੌੜ-ਭੱਜ ਸ਼ੁਰੂ ਹੋ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ 1987 ਬੈਚ ਦੀ ਆਈਏਐੱਸ ਅਫਸਰ ਰਵਨੀਤ ਕੌਰ, 1990 ਬੈਚ ਦੇ ਦੋ ਆਈਏਐੱਸ ਅਫਸਰਾਂ ਵੀਕੇ ਸਿੰਘ ਅਤੇ ਅਨੁਰਾਗ ਅਗਰਵਾਲ ਦਾ ਨਾਂ ਵੀ ਇਸ ਨਿਯੁਕਤੀ ਲਈ ਵਿਚਾਰ ਅਧੀਨ ਹੈ। ਨਿਗਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੂੰ ਪ੍ਰਮੁੱਖ ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਲਗਾ ਦਿੱਤਾ ਹੈ।