ਜਸਵੰਤ ਜੱਸ
ਫ਼ਰੀਦਕੋਟ, 11 ਮਈ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 73 ਵੈਂਟੀਲੇਟਰ ਪਿਛਲੇ ਚਾਰ ਮਹੀਨਿਆਂ ਤੋਂ ਖਰਾਬ ਪਏ ਹਨ ਜਿਨ੍ਹਾਂ ਨੂੰ ਮੈਡੀਕਲ ਪ੍ਰਸ਼ਾਸਨ ਅਜੇ ਤੱਕ ਠੀਕ ਨਹੀਂ ਕਰਵਾ ਸਕਿਆ।
ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਕਰੋਨਾਵਾਇਰਸ ਦੇ ਚਲਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਰੋਨਾ ਦੇ ਮਰੀਜ਼ਾਂ ਲਈ 450 ਬੈੱਡਾਂ ਦਾ ਸਪੈਸ਼ਲ ਵਾਰਡ ਤਿਆਰ ਕੀਤਾ ਹੈ। ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਅਧੀਨ ਚੱਲਦੇ ਇਸ ਮੈਡੀਕਲ ਕਾਲਜ ਵਿੱਚ ਫ਼ਰੀਦਕੋਟ ਤੋਂ ਇਲਾਵਾ ਬਠਿੰਡਾ, ਮਾਨਸਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਕਰੋਨਾ ਪੀੜਤ ਮਰੀਜ਼ਾਂ ਲਈ ਆਕਸੀਜਨ ਅਤੇ ਵੈਂਟੀਲੇਟਰ ਸਭ ਤੋਂ ਮੁੱਢਲੀ ਲੋੜ ਬਣੀ ਹੋਈ ਹੈ ਪ੍ਰੰਤੂ ਮੈਡੀਕਲ ਕਾਲਜ ਵਿੱਚ 120 ਵੈਂਟੀਲੇਟਰ ਵਿੱਚੋਂ 73 ਵੈਂਟੀਲੇਟਰ ਕੰਮ ਹੀ ਨਹੀਂ ਕਰ ਰਹੇ। ਇੱਥੇ ਦੱਸਣਾ ਬਣਦਾ ਹੈ ਕਿ ਇਹ ਵੈਂਟੀਲੇਟਰ ਪੀਐੱਮ ਕੇਅਰ ਫੰਡ ਵਿੱਚੋਂ ਮੁਹੱਈਆ ਕਰਵਾਏ ਗਏ ਸਨ।
ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਆਗੂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਵੈਂਟੀਲੇਟਰਾਂ ਨੂੰ ਚਾਲੂ ਹਾਲਤ ਵਿੱਚ ਕੀਤਾ ਜਾਵੇ ਤਾਂ ਜੋ ਐਮਰਜੈਂਸੀ ਹਾਲਾਤਾਂ ਵਿੱਚ ਇਨ੍ਹਾਂ ਦਾ ਫ਼ਾਇਦਾ ਲਿਆ ਜਾ ਸਕੇ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਖ਼ਰਾਬ ਹੋਏ ਵੈਂਟੀਲੇਟਰਾਂ ਨੂੰ ਠੀਕ ਕਰਵਾਉਣ ਲਈ ਤਕਨੀਕੀ ਮਾਹਰਾਂ ਨੂੰ ਵਾਰ-ਵਾਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਖ਼ਰਾਬ ਹੋਏ ਸਾਰੇ ਵੈਂਟੀਲੇਟਰ ਠੀਕ ਕਰਵਾ ਲਏ ਜਾਣਗੇ। ਫ਼ਰੀਦਕੋਟ ਜ਼ਿਲ੍ਹੇ ਵਿੱਚ ਅੱਜ ਤੱਕ 9340 ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਮੈਡੀਕਲ ਕਾਲਜ ਆਪਣੇ ਕੋਲ ਆਕਸੀਜਨ ਪੂਰੀ ਹੋਣ ਦਾ ਦਾਅਵਾ ਕਰ ਰਿਹਾ ਹੈ ਪ੍ਰੰਤੂ ਵੈਂਟੀਲੇਟਰਾਂ ਦੀ ਹਾਲਤ ਸੁਧਾਰਨ ਵਿੱਚ ਇਸ ਸੰਸਥਾ ਨੇ ਅੱਜ ਤਕ ਕੋਈ ਦਿਲਚਸਪੀ ਨਹੀਂ ਦਿਖਾਈ। ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵੈਂਟੀਲੇਟਰਾਂ ਦੀ ਦੁਰਦਸ਼ਾ ਬਾਰੇ ਉਹ ਵੀ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੈਂਟੀਲੇਟਰ ਹਸਪਤਾਲ ਵਿੱਚ ਨਕਾਰਾ ਹਾਲਤ ਵਿੱਚ ਪਏ ਹਨ ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਘਟੀਆ ਮਿਆਰ ਦੇ ਨੇ ਵੈਂਟੀਲੇਟਰ: ਵੀਸੀ
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਜਿਹੜੇ ਵੈਂਟੀਲੇਟਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ ਹਨ ਉਹ ਮਾੜੀ ਕਿਸਮ ਦੇ ਹਨ ਅਤੇ ਵਰਤੋਂ ਦੌਰਾਨ ਇਨ੍ਹਾਂ ਵਿੱਚ ਨੁਕਸ ਪੈ ਜਾਂਦਾ ਸੀ। ਇਸ ਸਬੰਧੀ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।