ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਨਵੰਬਰ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਕਿ ‘ਵੰਦੇ ਭਾਰਤ ਮਿਸ਼ਨ’ ਤਹਿਤ ਭਾਰਤ ਆਉਣ ਜਾਂ ਵਿਦੇਸ਼ ਜਾਣ ਵਾਸਤੇ ਹਵਾਈ ਟਿਕਟਾਂ ਜਾਰੀ ਕਰਨ ਦੌਰਾਨ ਯਾਤਰੂਆਂ ਕੋਲੋਂ ਵਾਧੂ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਸਬੰਧੀ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੱਤਰ ਭੇਜ ਕੇ ਦਖ਼ਲ ਮੰਗਿਆ ਹੈ। ਆਪਣੇ ਪੱਤਰ ਵਿੱਚ ਸ੍ਰੀ ਔਜਲਾ ਨੇ ਦੋਸ਼ ਲਾਇਆ ਕਿ ਹਵਾਈ ਕੰਪਨੀ ਏਅਰ ਇੰਡੀਆ ਦੀਆਂ ਵੰਦੇ ਭਾਰਤ ਮਿਸ਼ਨ ਤਹਿਤ ਟਿਕਟਾਂ ਦੀ ਵੰਡ ਵਿੱਚ ਸਭ ਕੁਝ ਠੀਕ ਨਹੀਂ ਹੈ। ਟਿਕਟਾਂ ਵੇਚਣ ਦੀ ਆਗਿਆ ਟਰੈਵਲ ਏਜੰਟਾਂ ਨੂੰ ਵੀ ਦਿੱਤੀ ਹੋਈ ਹੈ। ਇਸ ਸਬੰਧੀ ਯਾਤਰੂਆਂ ਵੱਲੋਂ ਵੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਮਾਝਾ ਖੇਤਰ ਨਾਲ ਸਬੰਧਤ ਕਈ ਲੋਕਾਂ ਨੇ ਇਹ ਮਾਮਲਾ ਉਨ੍ਹਾਂ ਕੋਲ ਉਭਾਰਿਆ ਹੈ। ਉਨ੍ਹਾਂ ਆਖਿਆ ਕਿ ਆਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ ਤੇ ਹੋਰ ਥਾਵਾਂ ’ਤੇ ਪੜ੍ਹਾਈ ਕਰ ਰਹੇ ਜਾਂ ਪੱਕੇ ਤੌਰ ’ਤੇ ਰਹਿ ਰਹੇ ਵਿਅਕਤੀਆਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਕੋਲੋਂ ਯਾਤਰਾ ਲਈ ਟਿਕਟ ਦੇਣ ਵਾਸਤੇ ਵਾਧੂ ਰਕਮ ਵਸੂਲੀ ਜਾ ਰਹੀ ਹੈ। ਕਈ ਵਾਰ ਤਾਂ ਯਾਤਰੂਆਂ ਨੂੰ ਇਸ ਸਬੰਧੀ ਅਸਲੀ ਰਸੀਦ ਵੀ ਨਹੀਂ ਦਿੱਤੀ ਗਈ। ਕਈਆਂ ਦੀਆਂ ਟਿਕਟਾਂ ਦੇ ਪੈਸੇ ਵਾਪਸ ਕਰਨ ਵਿੱਚ ਵੀ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਵੱਖ-ਵੱਖ ਮੁਲਕਾਂ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਲਈ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ ਹਨ ਪਰ ਕੁਝ ਲੋਕਾਂ ਵੱਲੋਂ ਇਸ ਯੋਜਨਾ ਦੀ ਆੜ ਹੇਠ ਯਾਤਰੂਆਂ ਕੋਲੋਂ ਵਾਧੂ ਰਕਮ ਵਸੂਲੀ ਜਾ ਰਹੀ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਸ ਵਿੱਚ ਹਵਾਈ ਕੰਪਨੀ ਦੇ ਕਰਮਚਾਰੀਆਂ ਦੀ ਵੀ ਮਿਲੀਭੁਗਤ ਹੋ ਸਕਦੀ ਹੈ।