ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਸਤੰਬਰ
ਤਰਨ ਤਾਰਨ ਜ਼ਿਲ੍ਹੇ ਦੀ ਇਕ ਚਰਚ ਵਿੱਚ ਹੋਈ ਭੰਨ੍ਹ-ਤੋੜ ਦੇ ਰੋਸ ਵਜੋਂ ਅੱਜ ਈਸਾਈ ਭਾਈਚਾਰੇ ਵੱਲੋਂ ਅਲਬਰਟ ਦੁਆ ਦੀ ਅਗਵਾਈ ਹੇਠ ਅੱਜ ਲੁਧਿਆਣਾ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਜਲੰਧਰ ਬਾਈਪਾਸ ਤੋਂ ਸ਼ੁਰੂ ਹੋ ਕੇ ਜਗਰਾਉਂ ਪੁਲ ਤੱਕ ਕੱਢਿਆ ਗਿਆ, ਜਿਸ ਦੌਰਾਨ ਮਸੀਹੀ ਭਾਈਚਾਰੇ ਦੇ ਲੋਕਾਂ ਨੇ ਦੁਕਾਨਾਂ ਤੇ ਬਾਜ਼ਾਰ ਵੀ ਬੰਦ ਕਰਵਾਏ। ਇਸ ਸਬੰਧੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਈਸਾਈ ਭਾਈਚਾਰੇ ਦੇ ਲੋਕਾਂ ਨੇ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦੇ ਇੱਕ ਪਿੰਡ ਵਿੱਚ ਚਰਚ ਦੀ ਭੰਨ੍ਹ-ਤੋੜ ਕਰਨ ਵਾਲੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਦੌਰਾਨ ਜਲੰਧਰ ਬਾਈਪਾਸ ’ਤੇ ਜਦੋਂ ਮਸੀਹੀ ਭਾਈਚਾਰੇ ਦੋ ਲੋਕ ਪੁਤਲਾ ਸਾੜਨ ਲੱਗੇ ਤਾਂ ਸਥਾਨਕ ਏਸੀਪੀ ਨੇ ਪੁਤਲਾ ਚੁੱਕ ਕੇ ਕਾਰ ਵਿੱਚ ਰੱਖ ਲਿਆ ਤੇ ਉਨ੍ਹਾਂ ਨੂੰ ਪੁਤਲਾ ਨਹੀਂ ਸਾੜਨ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਪਰ ਬਾਅਦ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰ ਲਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਲਬਰਟ ਦੂਆ ਨੇ ਕਿਹਾ ਕਿ ਮਸੀਹ ਭਾਈਚਾਰੇ ਦੇ ਲੋਕਾਂ ਦੀ ਮੰਗ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਜਾਵੇ ਤੇ ਭਾਈਚਾਰੇ ਦੇ ਜਿਨ੍ਹਾਂ ਆਗੂਆਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਸਿੱਖ ਤੇ ਈਸਾਈ ਭਾਈਚਾਰੇ ’ਚ ਮਾਹੌਲ ਸੁਖਾਵਾਂ ਬਣਾਉਣ ਦੇ ਯਤਨ ਜਾਰੀ: ਲਾਲਪੁਰਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਇਥੇ ਕਿਹਾ ਕਿ ਕਮਿਸ਼ਨ ਵੱਲੋਂ ਸਿੱਖ ਤੇ ਈਸਾਈ ਭਾਈਚਾਰੇ ਵਿਚਾਲੇ ਧਰਮ ਪਰਿਵਰਤਨ ਦੇ ਮਾਮਲੇ ਸਬੰਧੀ ਚੱਲ ਰਹੀ ਖਿੱਚੋਤਾਣ ਨੂੰ ਦੂਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ ਤੇ ਛੇਤੀ ਹੀ ਇਸ ਸਬੰਧੀ ਅਗਲੀ ਮੀਟਿੰਗ ਸੱਦੀ ਜਾਵੇਗੀ। ਸ੍ਰੀ ਲਾਲਪੁਰਾ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਸਿੱਖ ਤੇ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਦਫ਼ਤਰ ਸੱਦ ਕੇ ਉਨ੍ਹਾਂ ਦੀ ਮੀਟਿੰਗ ਕਰਵਾਈ ਗਈ ਸੀ, ਜਿਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਮਾਹੌਲ ਕਾਫ਼ੀ ਸਦਭਾਵਨਾ ਵਾਲਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਅਗਾਂਹ ਹੋਰ ਵਿਚਾਰਨ ਅਤੇ ਮਸਲੇ ਦਾ ਹੱਲ ਲੱਭਣ ਲਈ ਅਗਲੀ ਮੀਟਿੰਗ ਸੱਦੀ ਜਾਵੇਗੀ। ਜ਼ਿਕਰਯੋਗ ਹੈ ਕਿ ਸ੍ਰੀ ਲਾਲਪੁਰਾ ਨੂੰ ਹਾਲ ਹੀ ਵਿੱਚ ਭਾਜਪਾ ਵੱਲੋਂ ਸੰਸਦੀ ਬੋਰਡ ਦਾ ਮੈਂਬਰ ਚੁਣਿਆ ਗਿਆ ਹੈ ਤੇ ਬਤੌਰ ਸਿੱਖ ਇਸ ਬੋਰਡ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਅਹਿਮ ਦੱਸਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸੰਸਦੀ ਬੋਰਡ ਵੱਲੋਂ ਨੀਤੀਆਂ ਘੜੀਆਂ ਜਾਂਦੀਆਂ ਹਨ ਤੇ ਸਿੱਖ ਹੋਣ ਨਾਤੇ ਉਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਸਕਣਗੇ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਧਾਰਮਿਕ ਮਾਮਲੇ, ਜਿਨ੍ਹਾਂ ਵਿੱਚ ਗੁਰਦੁਆਰਾ ਗਿਆਨ ਗੋਦੜੀ ਅਤੇ ਗੁਰਦੁਆਰਾ ਡਾਂਗਮਾਰ ਸਮੇਤ ਹੋਰ ਕਈ ਮਾਮਲੇ ਸ਼ਾਮਲ ਹਨ, ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਲਈ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਜਾਰੀ ਹੈ।