ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਮਈ
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਕਰੋਨਾ ਰੋਕੂ ਵੈਕਸੀਨ ਖ਼ਤਮ ਹੋਣ ਦੇ ਲੱਗੇ ਪੋਸਟਰ ਦੇਖ ਕੇ ਅੱਜ ਬਿਰਧਾਂ ਸਮੇਤ ਸੈਂਕੜੇ ਲੋਕਾਂ ਨੂੰ ਨਿਰਾਸ਼ ਪਰਤਣ ਪਿਆ। ਇਸ ਮੌਕੇ ਬਜ਼ੁਰਗਾਂ ਨੇ ਸਿਹਤ ਅਮਲੇ ’ਤੇ ਬੇਰੁਖੀ ਵਰਤਣ ਦਾ ਵੀ ਦੋਸ਼ ਲਾਇਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਮੰਗ ਅਨੁਸਾਰ ਪੰਜਾਬ ਨੂੰ ਵੈਕਸੀਨ ਦਾ ਕੋਟਾ ਨਹੀਂ ਭੇਜਿਆ, ਜਿਸ ਕਾਰਨ ਸੂਬੇ ਵਿਚ ਟੀਕਾਕਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਸੂਬੇ ਦੇ ਕਈ ਸਰਕਾਰੀ ਸਿਹਤ ਕੇਂਦਰਾਂ ਵਿੱਚ ਕੁਝ ਦਿਨਾਂ ਤੋਂ ਟੀਕਾਕਰਨ ਦਾ ਕੰਮ ਠੱਪ ਪਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ’ਚ ਪਹਿਲਾਂ ਟੀਕਾਕਰਨ ਮੁਹਿੰਮ ਦੀ ਰਫਤਾਰ ਮੱਠੀ ਰਹੀ ਅਤੇ ਹੁਣ ਅਚਾਨਕ ਹੀ ਵੈਕਸੀਨ ਸੈਂਟਰਾਂ ਅੱਗੇ ਲੰਮੀਆਂ ਲਾਈਨਾਂ ਲੱਗ ਗਈਆਂ ਹਨ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਆਖਿਆ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਹਰ ਯੋਗ ਵਿਅਕਤੀ ਨੂੰ ਕਰੋਨਾ ਰੋਕੂ ਵੈਕਸੀਨ ਲਾਈ ਜਾਵੇਗੀ। 11 ਮਈ ਤੱਕ 45 ਤੋਂ ਵਧੇਰੇ ਉਮਰ ਵਰਗ ਦੇ ਨਾਗਰਿਕਾਂ, ਫਰੰਟ ਲਾਈਨ ਵਰਕਰਾਂ ਅਤੇ ਸਿਹਤ ਵਰਕਰਾਂ ਆਦਿ ਨੂੰ 91,253 ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। 10 ਮਈ ਤੋਂ 18-45 ਸਾਲ ਤੱਕ ਦੇ ਲੋਕਾਂ ਦਾ ਟੀਕਾਕਰਨ ਵੀ ਸ਼ੁਰੂ ਹੋ ਗਿਆ ਹੈ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਸੇ ਤਰ੍ਹਾਂ ਬਰੇਟਾ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਵੀ ਵੈਕਸੀਨ ਖ਼ਤਮ ਹੋਣ ਕਾਰਨ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸੱਤ ਅਪਰੈਲ ਤੋਂ 14 ਮਈ ਤੱਕ ਇੱਥੇ 2471 ਲੋਕਾਂ ਨੇ ਪਹਿਲੀ ਅਤੇ 412 ਲੋਕਾਂ ਨੇ ਦੂਜੀ ਡੋਜ਼ ਲਗਵਾਈ ਹੈ। ਸੋਮਵਾਰ ਤੱਕ ਮੁੜ ਵੈਕਸੀਨ ਆਉਣ ਦੀ ਸੰਭਾਵਨਾ ਹੈ।