ਚੰਡੀਗੜ੍ਹ, 20 ਅਪਰੈਲ
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਕਿਹਾ ਕਿ ਕਰੋਨਾ ਵਿਰੋਧੀ ਵੈਕਸੀਨ ਦੀ ਘੱਟ ਸਪਲਾਈ ਕਾਰਨ ਸੂਬਾ ਦੋ ਲੱਖ ਲੋਕਾਂ ਦਾ ਕਰੋਨਾ ਟੀਕਾਕਰਨ ਕਰਨ ਦਾ ਟੀਚਾ ਹਾਸਲ ਨਹੀਂ ਕਰ ਸਕੇਗਾ। ਇੱਕ ਅਧਿਕਾਰਤ ਬਿਆਨ ’ਚ ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਸੂਬੇ ਕੋਲ ਵੈਕਸੀਨ ਦਾ ਸਿਰਫ ਇੱਕ ਦਿਨ ਦਾ ਸਟਾਕ ਬਚਣਾ ‘ਚਿੰਤਾਜਨਕ ਸਥਿਤੀ’ ਹੈ ਜਦੋਂ ਕਿ ਕੇਂਦਰ ਸਰਕਾਰ ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾਂ ਹੀ ਇਹ ਮਸਲਾ ਕੇਂਦਰ ਸਰਕਾਰ ਉਠਾ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਸੂਬੇ ’ਚ ਦੋ ਆਕਸੀਜਨ ਪਲਾਂਟਾਂ ਨੂੰ ਮਨਜ਼ੂਰੀ ਦੇਣ ਵੀ ਮੰਗ ਕੀਤੀ ਗਈ ਹੈ। ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਕੋਲ ਨਿੱਗਰ ਸਿਹਤ ਢਾਂਚਾ ਹੈ ਅਤੇ ਸੂਬੇ ’ਚ 3 ਹਜ਼ਾਰ ਸਿਹਤ ਕੇਂਦਰਾਂ ਰਾਹੀਂ ਇੱਕ ਦਿਨ ’ਚ 3 ਲੋਕਾਂ ਦਾ ਟੀਕਾਕਰਨ ਕਰਨ ਦੀ ਸਮਰੱਥਾ ਹੈ, ਪਰ ਸਪਲਾਈ ਦੀ ਘਾਟ ਕਾਰਨ ਪੰਜਾਬ ਸਰਕਾਰ ਇਹ ਪ੍ਰਤੀ ਦਿਨ 2 ਲੱਖ ਲੋਕਾਂ ਦਾ ਟੀਕਾਕਰਨ ਦੇ ਸਮਰੱਥ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੂਬੇ ’ਚ ਹੁਣ ਤੱਕ 23.4 ਲੱਖ ਲੋਕਾਂ ਦਾ ਕਰੋਨਾ ਟੀਕਾਕਰਨ ਹੋ ਚੁੱਕਾ ਹੈ। ਪੀਟੀਆਈ