ਪੱਤਰ ਪ੍ਰੇਰਕ
ਭਗਤਾ ਭਾਈ, 21 ਜੂਨ
ਸਿਵਲ ਹਸਪਤਾਲ ਭਗਤਾ ਭਾਈ ਵੱਲੋਂ ਵਿਵੇਕ ਆਈ ਚੈਰੀਟੇਬਲ ਹਸਪਤਾਲ ਜਲਾਲ ਵਿੱਚ ਡਾ. ਸਵਰਨਜੀਤ ਸਿੰਘ ਦੀ ਦੇਖ-ਰੇਖ ਹੇਠ ਕਰੋਨਾ ਦੀ ਰੋਕਥਾਮ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਦੇ ਮੁੱਖ ਸੰਚਾਲਕ ਸਵਾਮੀ ਬ੍ਰਹਮ ਮੁਨੀ ਅਤੇ ਬਾਬਾ ਗੰਗਾ ਰਾਮ ਨੇ ਕੀਤਾ। ਬਲਾਕ ਐਜੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਐਸ.ਐਮ.ਓ. ਭਗਤਾ ਡਾ. ਰਾਜਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਸਪਤਾਲ ਭਗਤਾ ਵਿੱਚ ਹਫ਼ਤੇ ਦੇ ਸਾਰੇ ਦਿਨ ਕੋਵਿਡ ਬਚਾਓ ਲਈ ਮੁਫ਼ਤ ਟੀਕੇ ਲਗਾਏ ਜਾ ਰਹੇ ਹਨ। ਅੱਜ ਦੇ ਕੈਂਪ ‘ਚ 160 ਵਿਅਕਤੀਆਂ ਨੇ ਮੁਫਤ ਟੀਕਾਕਰਨ ਕਰਵਾਇਆ।
ਤਪਾ ਮੰਡੀ (ਪੱਤਰ ਪ੍ਰੇਰਕ): ਸਿਹਤ ਬਲਾਕ ਤਪਾ ਦੇ ਪਿੰਡਾਂ ਵਿੱਚ ਬਣੇ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਵਿੱਚ 18 ਸਾਲ ਤੋਂ ਉਪਰ ਉਮਰ ਦੇ ਵਿਅਕਤੀਆਂ ਨੂੰ ਮੁਫ਼ਤ ਕੋਵਿਡ ਵੈਕਸੀਨ ਲਾਉਣ ਦੀ ਦੀਸ਼ੁ ਰੂਆਤ ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ 18 ਤੋਂ 44 ਸਾਲ ਦੇ ਵਿਅਕਤੀਆਂ ਦੇ ਹੁਣ ਸਾਰੇ ਸਿਹਤ ਕੇਂਦਰਾਂ ਵਿਚ ਕਰੋਨਾ ਤੋਂ ਬਚਾਅ ਲਈ ਵੈਕਸੀਨ ਟੀਕਾਕਰਨ ਹੋਵੇਗਾ।
ਦੋਦਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਨੇ ਅੱਜ ਕਰੋਨਾ ਟੀਕਾਕਰਨ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਅੱਜ ਉਚੇਚੇ ਤੌਰ ’ਤੇ ਇਸ ਸਬੰਧੀ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਜ਼ਿਲ੍ਹੇ ਵਿੱਚ ਪਿੰਡਾਂ ਅਤੇ ਕਸਬਿਆਂ ਦੇ ਕਲਸਟਰ ਬਣਾ ਕੇ ਨੋਡਲ ਅਫ਼ਸਰ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਆਮ ਲੋਕਾਂ, ਪੰਚਾਇਤਾਂ, ਧਾਰਮਿਕ ਸੰਸਥਾਵਾਂ ਅਤੇ ਐਨ.ਜੀ.ਓਜ਼ ਨਾਲ ਤਾਲਮੇਲ ਕਰ ਕੇ ਵੈਕਸੀਨੇਸ਼ਨ ਦੀ ਦਰ ਨੂੰ ਵਧਾਉਣ ਦੇ ਯਤਨ ਕਰਨ ਲਈ ਵੀ ਪ੍ਰੇਰਿਆ।
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਦਮਦਮਾ ਸਾਹਿਬ ਪ੍ਰੈੇੱਸ ਕਲੱਬ ਤਲਵੰਡੀ ਸਾਬੋ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਪ੍ਰੈੱਸ ਕਲੱਬ ਦਫ਼ਤਰ ਵਿੱਚ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਇੰਚਾਰਜ ਡਾਕਟਰ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ 90 ਲੋਕਾਂ ਨੂੰ ਵੈਕਸੀਨ ਲਗਾਈ ਗਈ।