ਪੱਤਰ ਪ੍ਰੇਰਕ
ਚੰਡੀਗੜ੍ਹ, 11 ਅਕਤੂਬਰ
ਪੰਜਾਬ ਦੇ ਵੱਖ-ਵੱਖ ਵਿਭਾਗਾਂ ਲਈ ਅਫ਼ਸਰਾਂ ਦੀ ਭਰਤੀ ਕਰਨ ਵਾਲੀ ਸੰਸਥਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਦੇ ਚੇਅਰਮੈਨ ਦੀ ਖਾਲੀ ਪਈ ਕੁਰਸੀ ਉੱਚ ਵਿੱਦਿਆ ਪ੍ਰਾਪਤ ਬੇਰੁਜ਼ਗਾਰਾਂ ਲਈ ਸੰਤਾਪ ਬਣੀ ਹੋਈ ਹੈ। ਚੇਅਰਮੈਨ ਦੀ ਅਣਹੋਂਦ ਕਾਰਨ ਲੋੜੀਂਦੇ ਇਮਤਿਹਾਨ ਸਮੇਂ ਸਿਰ ਨਹੀਂ ਹੋ ਰਹੇ। ਉੱਚ ਯੋਗਤਾ ਵਾਲੇ ਉਮੀਦਵਾਰ ਮਜਬੂਰ ਹੋ ਕੇ ਹੇਠਲੇ ਦਰਜੇ ਦੀਆਂ ਅਸਾਮੀਆਂ ਲਈ ਬੇਨਤੀਆਂ ਦੇ ਕੇ ਨਿਗੂਣੀਆਂ ਨੌਕਰੀਆਂ ਲੈਣ ਲਈ ਮਜਬੂਰ ਹਨ। ਇਸ ਸਬੰਧੀ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ, ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਦੇ ਚੇਅਰਮੈਨ ਮਨਜਿੰਦਰ ਸਿੰਘ ਮੱਤੇਨੰਗਲ, ਸਕੱਤਰ ਜਨਰਲ ਸੁਖਵਿੰਦਰ ਸਿੰਘ ਬਾਗੋਵਾਨੀ ਤੇ ਸੀਨੀਅਰ ਵਾਈਸ ਪ੍ਰਧਾਨ ਦਿਲਪ੍ਰੀਤ ਸਿੰਘ ਲੋਹਟ ਆਦਿ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਕੇ ਛੋਟੀਆਂ-ਵੱਡੀਆਂ ਅਸਾਮੀਆਂ ਦੀ ਨਿਰਪੱਖਤਾ ਵੀ ਕਾਇਮ ਰੱਖੀ ਜਾਵੇ ਤਾਂ ਜੋ ਵੱਡੀ ਗਿਣਤੀ ਵਿੱਚ ਨੌਜਵਾਨ ਆਈ.ਆਈ.ਆਈਟੀਜ਼ ਵਿੱਚ ਤਕਨੀਕੀ ਕਿੱਤਾ ਕੋਰਸਾਂ ਵੱਲ ਉਤਸ਼ਾਹਿਤ ਹੋ ਸਕਣ।