ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਅਪਰੈਲ
ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਪਿਛਲੇ ਸਾਲ ਬਰਾਮਦ ਹੋਈ ਲਗਪਗ 205 ਕਿਲੋ ਹੈਰੋਇਨ ਮਾਮਲੇ ’ਚ ਡੀਆਰਆਈ ਵਿਭਾਗ ਨੇ ਉਤਰਾਖੰਡ ਆਧਾਰਿਤ ਇੱਕ ਦਰਾਮਦਕਾਰ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਹੈ ਪਰ ਇਸ ਦਰਾਮਦਕਾਰ ਬਾਰੇ ਅੰਮ੍ਰਿਤਸਰ ਦੇ ਵਪਾਰੀ ਵਰਗ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਵਪਾਰੀ ਵਰਗ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਵਪਾਰ ਰਸਤੇ ਨਸ਼ੀਲੇ ਪਦਾਰਥਾਂ ਦੀ ਆਮਦ ਨਾਲ ਵਪਾਰ ’ਤੇ ਮਾੜਾ ਅਸਰ ਪੈ ਸਕਦਾ ਹੈ। ਡੀਆਰਆਈ ਵਿਭਾਗ ਨੇ ਗੁਜਰਾਤ ਐਂਟੀ ਟੈਰਰਿਸਟ ਸਕੁਐਡ ਦੀ ਮਦਦ ਨਾਲ ਸਤੰਬਰ-ਅਕਤੂਬਰ 2021 ਵਿਚ ਗੁਜਰਾਤ ਦੀ ਕਾਂਡਲਾ ਬੰਦਰਗਾਹ ਤੋਂ ਲਗਪਗ 205 ਕਿਲੋ ਹੈਰੋਇਨ ਬਰਾਮਦ ਕੀਤੀ ਸੀ।
ਹੈਰੋਇਨ ਬਰਾਮਦਗੀ: ਦਿੱਲੀ ਤੇ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਜਾਰੀ
ਅਫ਼ਗਾਨਿਸਤਾਨ ਤੋਂ ਮੁਲੱਠੀ ਵਿੱਚ ਲੁਕੋ ਕੇ ਭੇਜੀ ਗਈ 102 ਕਿੱਲੋ ਹੈਰੋਇਨ ਤਸਕਰੀ ਮਾਮਲੇ ਵਿੱਚ ਕਸਟਮ ਵਿਭਾਗ ਵੱਲੋਂ ਦਿੱਲੀ ਦੇ ਵਪਾਰੀ ਅਰੁਣ ਮਿੱਤਲ ਤੇ ਸਥਾਨਕ ਕਲੀਅਰਿੰਗ ਏਜੰਟ ਨੀਰਜ ਕੁਮਾਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਹੈਰੋਇਨ ਦੀ ਇਹ ਖੇਪ ਬੀਤੀ 22 ਅਪਰੈਲ ਨੂੰ ਅਟਾਰੀ ਆਈਸੀਪੀ ਪਹੁੰਚੀ ਸੀ, ਜਿਸ ਦੀ ਜਾਂਚ ਮਗਰੋਂ 24 ਅਪਰੈਲ ਨੂੰ ਇਸ ਵਿੱਚੋਂ 102 ਕਿੱਲੋ ਹੈਰੋਇਨ ਮਿਲੀ ਸੀ। ਸੁਰੱਖਿਆ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਕਸਟਮ ਵਿਭਾਗ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਸਬੰਧੀ ਨੂੰ ਪੁੱਛ-ਪੜਤਾਲ ਲਈ ਕਾਬੂ ਕੀਤਾ ਗਿਆ ਹੈ।