ਡੀ.ਪੀ.ਐਸ ਬੱਤਰਾ
ਸਮਰਾਲਾ, 8 ਫਰਵਰੀ
ਉੱਤਰਾਖੰਡ ਦੇ ਚਮੋਲੀ ’ਚ ਗਲੇਸ਼ੀਅਰ ਫਟਣ ਮਗਰੋਂ ਆਏ ਹੜ੍ਹ ਕਾਰਨ ਸਮਰਾਲਾ ਦੇ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ ਹੋ ਗਏ ਹਨ। ਇਸ ਪਿੰਡ ’ਚੋਂ ਅੱਧੀ ਦਰਜਨ ਦੇ ਕਰੀਬ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਉਥੇ ਰੋਜ਼ੀ-ਰੋਟੀ ਕਮਾਉਣ ਜਾਂਦੇ ਸਨ।
ਬਲਾਕ ਸਮਿਤੀ ਸਮਰਾਲਾ ਦੇ ਚੇਅਰਮੈਨ ਅਜਮੇਰ ਸਿੰਘ ਪੂਰਬਾ ਅਤੇ ਪਿੰਡ ਪੂਰਬਾ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਕੁਲਬੀਰ ਸਿੰਘ (28) ਪੁੱਤਰ ਬਹਾਦਰ ਸਿੰਘ, ਸੁਖਵਿੰਦਰ ਸਿੰਘ (45) ਪੁੱਤਰ ਰਾਮ ਆਸਰਾ, ਕੇਵਲ ਸਿੰਘ (45) ਪੁੱਤਰ ਕਰਨੈਲ ਸਿੰਘ ਅਤੇ ਸੁਖਵਿੰਦਰ ਸਿੰਘ (47) ਪੁੱਤਰ ਜਵਾਲਾ ਸਿੰਘ ਲਾਪਤਾ ਹਨ।
ਇਨ੍ਹਾਂ ਦੇ ਸਾਥੀ ਨਾਇਬ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਹਰਪਾਲ ਸਿੰਘ ਪੁੱਤਰ ਬਹਾਦਰ ਸਿੰਘ ਨਾਲ ਲਾਪਤਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਹੋ ਰਹੀ ਹੈ। ਨਾਇਬ ਸਿੰਘ ਨੇ ਦੱਸਿਆ ਐਤਵਾਰ ਹੋਣ ਕਾਰਨ ਉਨ੍ਹਾਂ ਦੋਹਾਂ ਨੇ ਕੰਮ ਤੋਂ ਛੁੱਟੀ ਕਰ ਲਈ ਸੀ, ਜਦੋਂ ਕਿ ਉਨ੍ਹਾਂ ਦੇ ਚਾਰ ਸਾਥੀ ਕੰਮ ’ਤੇ ਚਲੇ ਗਏ ਅਤੇ ਕੁਦਰਤ ਦੇ ਹਾਦਸੇ ਦਾ ਸ਼ਿਕਾਰ ਹੋ ਗਏ।