ਪ੍ਰਧਾਨ ਮੰਤਰੀ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਅਪੀਲ

ਪ੍ਰਧਾਨ ਮੰਤਰੀ ਨੂੰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਅਪੀਲ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 29 ਨਵੰਬਰ

ਸ਼੍ਰੋਮਣੀ ਕਮੇਟੀ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀ ਸੋਚ ਨੂੰ ਨਤਮਸਤਕ ਹੁੰਦਿਆਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨ।

ਉਨ੍ਹਾਂ ਆਖਿਆ ਕਿ ਗੁਰੂ ਜੀ ਦੇ ਕਿਰਤ ਦੇ ਸਿਧਾਂਤ ’ਤੇ ਪਹਿਰਾ ਦੇਣ ਵਾਲੇ ਕਿਸਾਨਾਂ ਨੂੰ ਦਬਾਇਆ ਜਾਣਾ ਨਿੰਦਣਯੋਗ ਹੈ। ਉਨ੍ਹਾਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੀਆਂ ਸਰਕਾਰਾਂ ਕਿਸਾਨੀ ਹੱਕਾਂ ਨੂੰ ਬੇਰੁਖੀ ਨਾਲ ਦਬਾ ਰਹੀਆਂ ਹਨ। ਸਰਕਾਰ ਦੀ ਅੜੀ ਕਾਰਨ ਅੰਨਦਾਤਾ ਆਪਣੀ ਹੋਂਦ ਦੀ ਲੜਾਈ ਲੜਦਾ ਹੋਇਆ ਘਰੋਂ ਬੇਘਰ ਹੋ ਗਿਆ ਹੈ। ਉਨ੍ਹਾਂ ਸੰਗਤ ਨੂੰ ਗੁਰੂ ਨਾਨਕ ਦੇਵ ਦੇ ਉਪਦੇਸ਼ਾਂ ’ਤੇ ਚੱਲਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਸਮੁੱਚੇ ਵਿਸ਼ਵ ਦੇ ਮਹਾਨ ਕ੍ਰਾਂਤੀਕਾਰੀ ਦਾਰਸ਼ਨਿਕ ਤੇ ਰਹਿਬਰ ਸਨ, ਜਿਨ੍ਹਾਂ ਨੇ ਆਪਣੀ ਵਿਚਾਰਧਾਰਾ ਨਾਲ ਸਮਾਜ ਅੰਦਰ ਵੱਡੀ ਤਬਦੀਲੀ ਲਿਆਂਦੀ। ਉਨ੍ਹਾਂ ਨੇ ਲੋਕਾਂ ਦੀ ਗ਼ੁਲਾਮ ਹੋਈ ਮਾਨਸਿਕਤਾ ਨੂੰ ਆਪਣੇ ਵਿਚਾਰਾਂ ਨਾਲ ਆਜ਼ਾਦੀ ਦੇ ਰਾਹ ਤੋਰਿਆ। ਗੁਰੂ ਜੀ ਨੇ ਸਦੀਆਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ। ਭਲਕੇ ਗੁਰਪੁਰਬ ਸਬੰਧੀ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰੇ ’ਚ ਹੋਣਗੇ, ਜਿੱਥੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚੱਲੇ ਸਮਾਗਮਾਂ ਦੀ ਸਮਾਪਤੀ ਹੋਵੇਗੀ।

ਕਿਸਾਨਾਂ ਦੇ ਹੱਕ ’ਚ ਖੜ੍ਹੀ ਹੈ ਸ਼੍ਰੋਮਣੀ ਕਮੇਟੀ: ਬੀਬੀ ਜਗੀਰ ਕੌਰ

ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ):

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਘਰਸ਼ਸ਼ੀਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਆਪਣੀਆਂ ਜ਼ਮੀਨਾਂ ਨੂੰ ਪੂੰਜੀਪਤੀਆਂ ਤੋਂ ਬਚਾਉਣ ਅਤੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅਤੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਭੁੱਖੇ ਮਰਨ ਲਈ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਨੂੰ ਜਿਹੜੀਆਂ ਦਵਾਈਆਂ, ਕੰਬਲ, ਲੰਗਰ ਆਦਿ ਦੀ ਜ਼ਰੂਰਤ ਹੈ, ਉਹ ਸ਼੍ਰੋਮਣੀ ਕਮੇਟੀ ਪੂਰਾ ਕਰਨ ਲਈ ਵਚਨਬੱਧ ਹੈ। ਇਸ ਅੰਦੋਲਨ ਵਿੱਚ ਕਿਸਾਨਾਂ ਦੀ ਜਿੱਤ ਹੋਣ ਤਕ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਜਾਰੀ ਰੱਖੀ ਜਾਵੇਗੀ। ਇਹ ਪ੍ਰਗਟਾਵਾ ਉਨ੍ਹਾਂ ਦਿੱਲੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਲਈ ਲੰਗਰ ਦਾ ਟਰੱਕ, ਦਵਾਈਆਂ ਤੇ ਐਂਬੂਲੈਂਸ ਭੇਜਣ ਤੋਂ ਬਾਅਦ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੋਮਣੀ ਕਮੇਟੀ ਨੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਤੇ ਮੁੱਢਲੀਆਂ ਸਿਹਤ ਸੇਵਾਵਾਂ ਦਾ ਘੇਰਾ ਹੋਰ ਵਧਾਉਂਦਿਆਂ ਹੁਣ ਦਿੱਲੀ ਤੱਕ ਇਹ ਸੇਵਾ ਪਹੁੰਚਾਉਣ ਦਾ ਫੈਸਲਾ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All