ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਫ਼ਰਵਰੀ
ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਅੱਜ ਇਥੇ ਇਕ ਸਮਾਗਮ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵਾਤਾਵਰਨ ਸੰਭਾਲ ਸਬੰਧੀ ਮਾਮਲੇ ਨੂੰ ਆਪੋ ਆਪਣੇ ਚੋਣ ਮਨੋਰਥ ਪੱਤਰ ਵਿਚ ਪਹਿਲ ਦੇ ਆਧਾਰ ’ਤੇ ਸ਼ਾਮਲ ਕਰਨ। ਇਹ ਸਮਾਗਮ ਪੰਥਕ ਤਾਲਮੇਲ ਸੰਗਠਨ ਅਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਵਲੋਂ ਕਰਵਾਇਆ ਗਿਆ।
ਸਥਾਨਕ ਫੋਰ ਐਸ ਸਕੂਲ ਵਿਚ ਕਰਵਾਏ ਸਮਾਗਮ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸੰਯੁਕਤ ਅਕਾਲੀ ਦਲ ਵਲੋਂ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ, ਸੰਯੁਕਤ ਸਮਾਜ ਮੋਰਚੇ ਵਲੋਂ ਸੁਖਜਿੰਦਰ ਸਿੰਘ ਆਦਿ ਸ਼ਾਮਲ ਹੋਏ ਜਿਨ੍ਹਾਂ ਨੂੰ ਪੰਜਾਬ ਵਾਤਾਵਰਨ ਚੇਤਨਾ ਲਹਿਰ ਵਲੋਂ ਇਸ ਸਬੰਧੀ ਏਜੰਡਾ ਦਿੱਤਾ ਗਿਆ। ਇਸ ਮੌਕੇ ਸਿਆਸੀ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਉਹ ਵਾਤਾਵਰਨ ਸੰਭਾਲ ਸਬੰਧੀ ਏਜੰਡੇ ’ਤੇ ਕੰਮ ਕਰਨਗੇ।
ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਭੌਤਿਕ ਤਰੱਕੀਆਂ ਕਾਰਨ ਸਾਰੀ ਦੁਨੀਆ ਵਿਚ ਹੀ ਵਾਤਾਵਰਨ ਵਿਚ ਵਿਗਾੜ ਦਾ ਸਿਲਸਿਲਾ ਜਾਰੀ ਹੈ। ਵਿਗਿਆਨ ਨੇ ਸਿੱਧ ਕੀਤਾ ਅਤੇ ਚਿਤਾਵਨੀ ਵੀ ਦਿੱਤੀ ਹੈ ਕਿ ਵਾਤਾਵਰਨ ਵਿਗਾੜ ਕਾਰਨ ਜਲਵਾਯੂ ਦੀ ਇਹ ਤਬਦੀਲੀ ਮਨੁੱਖੀ ਸਭਿਅਤਾ ਦੀ ਹੋਂਦ ਨੂੰ ਖਤਮ ਕਰਨ ਵੱਲ ਵਧ ਰਹੀ ਹੈ। ਸਮੇਂ ਦੀ ਲੋੜ ਹੈ ਕਿ ਮਨੁੱਖਤਾ ਦੀ ਹੋਂਦ ਨੂੰ ਬਚਾਉਣ ਲਈ ਵਾਤਾਵਰਨ ਸੰਭਾਲ ਨੂੰ ਤਰਜੀਹ ਤੌਰ ’ਤੇ ਅਪਨਾਇਆ ਜਾਵੇ ਤੇ ਹਰੇਕ ਵਿਅਕਤੀ ਇਸ ਨੂੰ ਆਪਣੀ ਜ਼ਿੰਮੇਵਾਰੀ ਵਜੋਂ ਲਵੇ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ 2015 ਵਿਚ ਪੈਰਿਸ ਵਿਚ ਜਲਵਾਯੂ ਤਬਦੀਲੀ ਸਬੰਧੀ ਹੋਏ ਸਮਝੌਤੇ ਵਿਚ ਧਰਤੀ ’ਤੇ ਵਧ ਰਹੇ ਤਾਪਮਾਨ ਨੂੰ ਰੋਕਣ ਲਈ ਵੱਡੇ ਫੈਸਲੇ ਹੋਏ ਸਨ ਪਰ ਬਹੁਤੇ ਮੁਲਕਾਂ ਨੇ ਇਸ ਨੂੰ ਅਮਲ ਵਿਚ ਨਹੀਂ ਲਿਆਂਦਾ। ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਸੰਜੀਦਗੀ ਦੀ ਘਾਟ ਹੈ। ਖੇਤੀ ਵਿਰਾਸਤ ਮਿਸ਼ਨ ਦੇ ਉਮਿੰਦਰ ਦੱਤ ਨੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਸਾਬਕਾ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ, ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਗੁਰਪ੍ਰੀਤ ਸਿੰਘ, ਪਿੰਗਲਵਾੜਾ ਤੋਂ ਮਾਸਟਰ ਰਾਜਬੀਰ ਸਿੰਘ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਗੁਰਚਰਨ ਸਿੰਘ ਨੂਰਪੁਰ, ਫੋਰਐਸ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਜਗਦੀਸ਼ ਸਿੰਘ, ਡਾ. ਸ਼ਾਮ ਸੁੰਦਰ ਦੀਪਤੀ ਨੇ ਵਿਚਾਰ ਪੇਸ਼ ਕੀਤੇ।