ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਕਤੂਬਰ
ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੱਧੂ ਦੇ ਸਮਰਥਕ ਤੇ ਕਾਂਗਰਸ ਦੀ ਸ਼ਹਿਰੀ ਇਕਾਈ ਪਟਿਆਲਾ ਦੇ ਪ੍ਰਧਾਨ ਨਰਿੰਦਰਪਾਲ ਲਾਲੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਛੇ ਸਾਲਾਂ ਲਈ ਕਾਂਗਰਸ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਵੱਲੋਂ ਲਿਆ ਗਿਆ ਹੈ। ਪਾਰਟੀ ਪ੍ਰਧਾਨ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਨਰਿੰਦਰਪਾਲ ਲਾਲੀ ਦਾ ਕਹਿਣਾ ਹੈ ਕਿ ਉਸ ਦੀ ਸ਼ਹਿਰੀ ਪ੍ਰਧਾਨ ਵਜੋਂ ਨਿਯੁਕਤੀ ਸਿੱਧੀ ਕੇਂਦਰੀ ਹਾਈਕਮਾਨ ਵੱਲੋਂ ਕੀਤੀ ਗਈ ਸੀ, ਇਸ ਕਰਕੇ ਰਾਜਾ ਵੜਿੰਗ ਕੋਲ ਉਸ ਨੂੰ ਕੱਢਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਇਸ ਲਈ ਉਹ ਪਹਿਲਾਂ ਵਾਂਗ ਹੀ ਆਪਣੇ ਅਹੁਦੇ ’ਤੇ ਕਾਇਮ ਰਹਿ ਕੇ ਸਰਗਰਮੀਆਂ ਬਰਕਰਾਰ ਰੱਖਣਗੇ। ਇਸ ਤਰ੍ਹਾਂ ਨਵਜੋਤ ਸਿੱੱਧੂ ਤੇ ਰਾਜਾ ਵੜਿੰਗ ਦਰਮਿਆਨ ਪਹਿਲਾਂ ਤੋਂ ਹੀ ਅਣਸੁਖਾਵੇਂ ਚੱਲਦੇ ਆ ਰਹੇ ਹਾਲਾਤਾਂ ਹੁਣ ਹੋਰ ਪੇਚੀਦਾ ਬਣਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਬਰਖਾਤਸਗੀ ਦੀ ਮੰਗ ਸਬੰਧੀ ਕਾਂਗਰਸ ਵੱਲੋਂ 10 ਅਕਤੂਬਰ ਨੂੰ ਪਟਿਆਲਾ ਦੇ ਡੀਸੀ ਦਫ਼ਤਰ ਦੇ ਬਾਹਰ ਦਿੱਤੇ ਗਏ ਧਰਨੇ ’ਚ ਰਾਜਾ ਵੜਿੰਗ ਦੇ ਪੁੱਜੇ ਹੋਣ ਦੇ ਬਾਵਜੂਦ ਨਰਿੰਦਪਾਲ ਲਾਲੀ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਫੁਹਾਰਾ ਚੌਕ ਨੇੜੇ ਵੱਖਰਾ ਧਰਨਾ ਲਾਇਆ ਸੀ। ਇਹ ਵੀ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਹੁਣ ਮੌਕੇ ਭਾਵੇਂ ਕਿ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਇਕੱਠੇ ਹੋਏ ਸਨ, ਪਰ ਮਗਰੋਂ ਇਹ ਪਾੜਾ ਇੰਨਾ ਵੱਧ ਗਿਆ ਕਿ ਸ੍ਰੀ ਸਿੱਧੂ ਦੇ ਜੇਲ੍ਹ ਜਾਣ ਮੌਕੇ ਵੀ ਰਾਜਾ ਵੜਿੰਗ ਮੌਜੂਦ ਨਹੀਂ ਸਨ।
ਪਾਰਟੀ ਪ੍ਰਧਾਨ ਦੀ ਚੋਣ ਨਿਰਪੱਖ ਹੋਵੇਗੀ: ਕਾਂਗਰਸ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਾਂਗਰਸ ਨੇ ਭਰੋਸਾ ਦਿੱਤਾ ਹੈ ਕਿ 17 ਅਕਤੂਬਰ ਨੂੰ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀ ਚੋਣ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇਗੀ। ਇੱਥੇ ਪੰਜਾਬ ਚੋਣਾਂ ਦੇ ਕੇਂਦਰੀ ਅਬਜ਼ਰਵਰ ਅਤੇ ਦਿੱਲੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੰਤਰੀ ਅਰਵਿੰਦਰ ਸਿੰਘ ਲਵਲੀ ਨੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।ਇਸ ਮੌਕੇ ਕਾਂਗਰਸ ਭਵਨ ’ਚ ਵੋਟਿੰਗ ਹੋਵੇਗੀ। ਇਸ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ 17 ਅਕਤੂਬਰ ਨੂੰ ਗੁਪਤ ਮਤਦਾਨ ਰਾਹੀਂ ਕਰਵਾਈਆਂ ਜਾਣਗੀਆਂ। ਬੈਲਟ ਬਕਸਿਆਂ ਨੂੰ ਦਿੱਲੀ ਲਿਜਾਇਆ ਜਾਵੇਗਾ, ਜਿੱਥੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।