ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਮਈ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਵੱਲੋਂ ਅੱਜ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਪੰਜਾਬ ਇੰਜਨੀਅਰਿੰਗ ਕਾਲਜ ਦੀ ਗਾਮਿਨੀ ਸਿੰਗਲਾ ਨੇ ਦੇਸ਼ ਭਰ ਵਿੱਚੋਂ ਤੀਜਾ ਰੈਂਕ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਜਸਪਿੰਦਰ ਸਿੰਘ ਭੁੱਲਰ ਨੇ 33ਵਾਂ, ਪਟਿਆਲਾ ਦੇ ਨਮਨ ਸਿੰਗਲਾ ਨੇ 47ਵਾਂ ਤੇ ਅਬੋਹਰ ਦੇ ਸੁਜਾਵਲ ਜੱਗਾ ਨੇ ਆਲ ਇੰਡੀਆ 84ਵਾਂ ਰੈਂਕ ਪ੍ਰਾਪਤ ਕੀਤਾ ਹੈ।
ਪੰਜਾਬ ਇੰਜਨੀਅਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈ਼ਸਰ ਸੰਜੀਵ ਨੇ ਦੱਸਿਆ ਕਿ 2019 ਵਿੱਚ ਕੰਪਿਊਟਰ ਸਾਇੰਸ ਦੀ ਡਿਗਰੀ ਮੁਕੰਮਲ ਕਰਨ ਵਾਲੀ ਗਾਮਿਨੀ ਸਿੰਗਲਾ ਸ਼ੁਰੂ ਤੋਂ ਹੀ ਹੋਣਹਾਰ ਵਿਦਿਆਰਥਣ ਰਹੀ ਹੈ ਤੇ ਵਿਭਾਗ ਨੂੂੰ ਉਮੀਦ ਸੀ ਕਿ ਉਹ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਜ਼ਰੂਰ ਪਾਸ ਕਰੇਗੀ, ਪਰ ਗਾਮਿਨੀ ਨੇ ਆਲ ਇੰਡੀਆ ਤੀਜਾ ਰੈਂਕ ਹਾਸਲ ਕਰ ਕੇ ਪੈੱਕ ਤੇ ਚੰਡੀਗੜ੍ਹ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਗਾਮਿਨੀ ਨੇ ਦੱਸਿਆ ਕਿ ਉਸ ਨੇ ਇਹ ਪ੍ਰੀਖਿਆ ਦੂਜੀ ਵਾਰ ਵਿੱਚ ਪਾਸ ਕੀਤੀ ਹੈ। ਉਸ ਨੇ ਸਿਵਲ ਸਰਵਿਸ ਪ੍ਰੀਖਿਆ ਦੀ ਤਿਆਰੀ ਉਦੋਂ ਸ਼ੁਰੂ ਕੀਤੀ ਸੀ, ਜਦੋਂ ਉਹ ਪੈੱਕ ਵਿੱਚ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਉਹ ਜਦੋਂ ਛੋਟੀ ਸੀ ਤਾਂ ਉਹ ਆਈਏਐਸ ਬਣਨ ਦੇ ਸੁਫ਼ਨੇ ਲੈਂਦੀ ਸੀ ਤੇ ਉਸ ਦੇ ਪਿਤਾ ਨੇ ਉਸ ਵਿੱਚ ਜੋਸ਼ ਭਰਿਆ। ਉਸ ਦੇ ਮਾਪੇ ਹਿਮਾਚਲ ਪ੍ਰਦੇਸ਼ ਵਿੱਚ ਡਾਕਟਰ ਹਨ। ਗਾਮਿਨੀ ਨੇ ਦੱਸਿਆ ਕਿ ਮਿਹਨਤ ਕਰਨ ਤੇ ਮਨ ਵਿਚ ਮੁਕਾਮ ਹਾਸਲ ਕਰਨ ਦੇ ਜਜ਼ਬੇ ਨਾਲ ਕੋਈ ਵੀ ਪ੍ਰੀਖਿਆ ਪਾਸ ਕੀਤੀ ਜਾ ਸਕਦੀ ਹੈ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਅੱਠ ਘੰਟੇ ਤੱਕ ਪੜ੍ਹਾਈ ਕਰਦੀ ਰਹੀ ਹੈ।
ਪੰਜਾਬ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਤੋਂ ਪਾਸਆਊਟ ਜਸਪਿੰਦਰ ਭੁੱਲਰ ਕਿਸਾਨ ਪਰਿਵਾਰ ਨਾਲ ਸਬੰੰਧਤ ਹੈ। ਉਹ ਆਪਣੇ ਪਰਿਵਾਰ ’ਚੋਂ ਪਹਿਲਾ ਹੈ, ਜਿਸ ਨੇ ਲਾਅ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਹ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੁੱਲਰ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਹ ਪੌਣੇ ਤਿੰਨ ਸਾਲਾਂ ਤੋਂ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ ਤੇ ਉਸ ਨੇ ਦੂਜੀ ਵਾਰ ਵਿੱਚ ਇਹ ਪ੍ਰੀਖਿਆ ਪਾਸ ਕੀਤੀ ਹੈ। ਉਹ ਰੋਜ਼ਾਨਾ ਛੇ ਤੋਂ ਅੱਠ ਘੰਟੇ ਪੜ੍ਹਦਾ ਰਿਹਾ ਹੈ। ਉਸ ਨੇ ਸਫ਼ਲਤਾ ਦਾ ਸਿਹਰਾ ਸਖ਼ਤ ਮਿਹਨਤ ਤੇ ਆਪਣੇ ਅਧਿਆਪਕਾਂ ਦੇ ਸਿਰ ਬੰਨ੍ਹਿਆ ਹੈ।
ਪਟਿਆਲਾ ਦੇ ਨਮਨ ਸਿੰਗਲਾ ਨੇ ਪਹਿਲੀ ਵਾਰ ਵਿੱਚ ਹੀ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ ਹੈ। ਨਮਨ ਨੇ ਦੱਸਿਆ ਕਿ ਉਹ ਇੰਡੀਅਨ ਫਾਰੇਨ ਸਰਵਿਸਿਜ਼ ਵਿੱਚ ਜਾਣ ਦਾ ਇੱਛੁਕ ਹੈ। ਪਟਿਆਲਾ ਦੀ ਪ੍ਰੋਫੈ਼ਸਰ ਕਲੋਨੀ ਵਿੱਚ ਰਹਿਣ ਵਾਲੇ ਨਮਨ ਨੇ ਸਕੂਲੀ ਸਿੱਖਿਆ ਯਾਦਵਿੰਦਰਾ ਪਬਲਿਕ ਸਕੂਲ ਤੋਂ ਮੁਕੰਮਲ ਕੀਤੀ ਜਦਕਿ ਉਸ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਬੈਚੁਲਰ ਡਿਗਰੀ ਕੀਤੀ। ਉਸ ਦੇ ਪਿਤਾ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਚ ਨੌਕਰੀ ਕਰਦੇ ਹਨ ਜਦਕਿ ਉਸ ਦੀ ਮਾਤਾ ਪਟਿਆਲਾ ਦੇ ਪੰਜਾਬ ਐਂਡ ਨੈਸ਼ਨਲ ਬੈਂਕ ਵਿੱਚ ਸੀਨੀਅਰ ਮੈਨੇਜਰ ਹਨ। ਉਸ ਨੇ ਦੱਸਿਆ ਕਿ ਉਸ ਨੇ ਦਿੱਲੀ ਵਿੱਚ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਕੋਚਿੰਗ ਲਈ ਪਰ ਬਾਅਦ ਵਿੱਚ ਉਸ ਨੇ ਇਕ ਸਾਲ ਖ਼ੁਦ ਤਿਆਰੀ ਕੀਤੀ। ਉਹ ਜਦੋਂ ਸਕੂਲ ਸਿੱਖਿਆ ਮੁਕੰਮਲ ਕਰਨ ਵਾਲਾ ਸੀ ਤਾਂ ਅਕਸਰ ਆਈਏਐੱਸ ਅਫ਼ਸਰਾਂ ਬਾਰੇ ਸੁਣਦਾ ਸੀ ਤੇ ਉਸ ਤੋਂ ਬਾਅਦ ਉਸ ਨੇ ਧਾਰਿਆ ਕਿ ਉਹ ਇਕ ਦਿਨ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰੇਗਾ, ਪਰ ਉਹ ਆਈਏਐਸ ਨਾਲੋਂ ਆਈਐੱਫਐੱਸ ਬਣਨਾ ਚਾਹੁੰਦਾ ਹੈ।
ਅਬੋਹਰ ਦੇ ਰਹਿਣ ਵਾਲੇ ਸੁਜਾਵਲ ਜੱਗਾ ਨੇ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਸੈਕਟਰ-26 ਤੋਂ ਸਿਵਲ ਸਰਵਿਸ ਪ੍ਰੀਖਿਆ ਦੀ ਤਿਆਰੀ ਹਾਸਲ ਕੀਤੀ। ਉਸ ਨੇ ਪੀਸੀਐੱਸ ਪ੍ਰੀਖਿਆ ਵੀ ਪਾਸ ਕੀਤੀ ਹੈ ਤੇ ਪੇਸ਼ੇ ਵਜੋਂ ਚਾਰਟਡ ਅਕਾਊਂਟੈਂਟ ਹੈ।