ਦਵਿੰਦਰ ਪਾਲ
ਚੰਡੀਗੜ੍ਹ, 29 ਸਤੰਬਰ
ਮੁੱਖ ਅੰਸ਼
- ‘ਆਪ’ ਨੇ ਕਾਂਗਰਸ ’ਤੇ ਲਾਏ ਭ੍ਰਿਸ਼ਟਾਚਾਰ ਕਰਨ ਦੇ ਦੋਸ਼
- ਵਿਰੋਧੀ ਤੇ ਹਾਕਮ ਧਿਰ ਦੇ ਵਿਧਾਇਕਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ
ਪੰਜਾਬ ਵਿਧਾਨ ਸਭਾ ਵਿੱਚ ਅੱਜ ਮੰਤਰੀ ਫੌਜਾ ਸਿੰਘ ਸਰਾਰੀ ਦੀ ਇੱਕ ‘ਵਾਇਰਲ ਆਡੀਓ’ ਦੇ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਫਰ ਕਾਲ ਦਾ ਐਲਾਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ ’ਚੋਂ ਬਰਖਾਸਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਸਰਕਾਰ ਤੇ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਮੰਗ ਕੀਤੀ ਤਾਂ ਸਪੀਕਰ ਨੇ ਸਪੱਸ਼ਟ ਕੀਤਾ ਕਿ ਸਿਫਰ ਕਾਲ ਦੌਰਾਨ ਉਠੇ ਕਿਸੇ ਵੀ ਮੁੱਦੇ ’ਤੇ ਸਪੀਕਰ ਸਰਕਾਰ ਨੂੰ ਜਵਾਬ ਦੇਣ ਲਈ ਪਾਬੰਦ ਨਹੀਂ ਕਰ ਸਕਦਾ।
ਮੁੱਖ ਮੰਤਰੀ ਦੇ ਬਿਆਨ ’ਤੇ ਅੜੀ ਵਿਰੋਧੀ ਧਿਰ ਨੇ ਜਦੋਂ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਵੀ ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ ਖ਼ਤਮ ਹੋਣ ਤੱਕ ਹੰਗਾਮਾ ਜਾਰੀ ਰੱਖਿਆ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਵਿੱਚ ਪੈਸੇ ਦੀ ਵਸੂਲੀ ਦੀ ਗੱਲਬਾਤ ਸਪੱਸ਼ਟ ਸੁਣਾਈ ਦਿੰਦੀ ਹੈ ਤੇ ਮੰਤਰੀ ਨੇ ਵੀ ਆਡੀਓ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਲਈ ਜੇਕਰ ਵਿਜੈ ਸਿੰਗਲਾ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇੱਕ ਇਮਾਨਦਾਰ ਸਰਕਾਰ ਇਸ ਮੰਤਰੀ ਦੇ ਮਾਮਲੇ ’ਚ ਪੱਲਾ ਕਿਉਂ ਝਾੜ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਮ ਆਦਮੀ ਪਾਰਟੀ’ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਸੀ ਤੇ ਇਹ ਬਦਲਾਅ ਹਕੀਕੀ ਰੂਪ ਵਿੱਚ ਦਿਖਾਈ ਦੇਣਾ ਚਾਹੀਦਾ ਹੈ। ਇਸ ਮੁੱਦੇ ’ਤੇ ਸੁਖਪਾਲ ਸਿੰਘ ਖਹਿਰਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਣ ਦਾ ਯਤਨ ਕੀਤਾ ਪਰ ਸਪੀਕਰ ਨੇ ਦੋਵਾਂ ਨੂੰ ਇਜਾਜ਼ਤ ਨਹੀਂ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਮੌਜੂਦਗੀ ਵਿੱਚ ਹੋਏ ਇਸ ਘਟਨਾਕ੍ਰਮ ਦੌਰਾਨ ਫੌਜਾ ਸਿੰਘ ਸਰਾਰੀ ਵੀ ਸਦਨ ਵਿੱਚ ਬੈਠੇ ਸਨ। ਕਾਂਗਰਸ ਦੇ ਵਿਧਾਇਕ ਜਦੋਂ ਇਸ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਸਨ ਤਾਂ ਹਾਕਮ ਧਿਰ ਦੇ ਜ਼ਿਆਦਾਤਰ ਮੈਂਬਰ ਕਾਂਗਰਸੀਆਂ ’ਤੇ ਭ੍ਰਿਸ਼ਟ ਅਤੇ ਭਾਜਪਾ ਦੀ ‘ਬੀ’ ਟੀਮ ਹੋਣ ਦੇ ਦੋਸ਼ ਲਾ ਰਹੇ ਸਨ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਸਪੱਸ਼ਟ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵਿਰੋਧੀ ਧਿਰ ਮੁੱਖ ਮੰਤਰੀ ਦੇ ਬਿਆਨ ਦੇ ਮੁੱਦੇ ’ਤੇ ਅੜੀ ਰਹੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਖ਼ਿਲਾਫ਼ ਸਖਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਪੰਜਾਬ ਦੀ ਜਨਤਾ ਦਾ ਸਮਾਂ ਅਤੇ ਸਰਕਾਰੀ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੇ ਮੈਂਬਰਾਂ ਨੂੰ ਇਸ ਸਦਨ ਲਈ ਚੁਣਿਆ ਹੈ। ਇਸ ਲਈ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਲੋਕ ਮਸਲਿਆਂ ’ਤੇ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਵਿਰੋਧੀ ਧਿਰ ਨੇ ਪੈਦਾ ਕੀਤਾ ਹੈ ਉਹ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਤੇ ਧੋਖੇ ਸਮਾਨ ਹੈ। ਸਦਨ ਵਿੱਚ ਹੰਗਾਮੇ ਦੌਰਾਨ ਹੀ ਸਪੀਕਰ ਨੇ ਹਾਕਮ ਧਿਰ ਨੂੰ ਗੈਰ-ਸਰਕਾਰੀ ਮਤੇ ਪੇਸ਼ ਕਰਨ ਲਈ ਕਿਹਾ।
ਹਾਕਮ ਧਿਰ ਦੇ ਮੈਂਬਰਾਂ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂਚੱਕ ਅਤੇ ਹੋਰਨਾਂ ਵਿਧਾਇਕਾਂ ਨੇ ਵੀ ਕਾਂਗਰਸ ਦੇ ਮੈਂਬਰਾਂ ’ਤੇ ਤਿੱਖੇ ਹਮਲੇ ਕਰਦਿਆਂ ਪੰਜਾਬ ’ਚ ਕਾਂਗਰਸ ਦੀ ਸੱਤਾ ਦੌਰਾਨ ਭ੍ਰਿਸ਼ਟਾਚਾਰ ਤੇ ਘਪਲੇ ਹੋਣ ਦੇ ਦੋਸ਼ ਲਾਏ। ਸਦਨ ਵਿੱਚ ਕਈ ਵਾਰੀ ਹਾਕਮ ਤੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਇੱਕ-ਦੂਜੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਾਂਗਰਸ ਦੇ ਦੋ ਮੈਂਬਰਾਂ ਵਿਕਰਮਜੀਤ ਸਿੰਘ ਚੌਧਰੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਕਾਰਵਾਈ ਦਾ ਮਤਾ ਪੇਸ਼ ਕੀਤਾ ਪਰ ਸਪੀਕਰ ਨੇ ਇਸ ਮਤੇ ’ਤੇ ਹਾਲ ਦੀ ਘੜੀ ਕਾਰਵਾਈ ਨਾ ਕਰਨ ਦੀ ਗੱਲ ਕਹੀ ਹੈ।
ਰਾਣਾ ਦੇ ਪੈਂਤੜੇ ਨੇ ਕੀਤਾ ਹੈਰਾਨ
ਪੰਜਾਬ ਦੇ ਇਕਲੌਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਸਦਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਲਿਤਾਂ ਦੇ ਵਜ਼ੀਫਿਆਂ ਦੇ ਮੁੱਦੇ ’ਤੇ ਲਿਆਂਦੇ ਗ਼ੈਰ-ਸਰਕਾਰੀ ਮਤੇ ਦੀ ਹਮਾਇਤ ਕਰਕੇ ਸਭ ਨੂੰ ਹੈਰਾਨ ਹੀ ਨਹੀਂ ਕੀਤਾ ਸਗੋਂ ਸਦਨ ਵਿੱਚ ਸਰਕਾਰ ਅਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਕਾਂਗਰਸ ਵਿਧਾਇਕਾਂ ਨੂੰ ਵੀ ਚੁੱਪ ਰਹਿਣ ਲਈ ਇੱਕ ਤੋਂ ਵੱਧ ਵਾਰ ਕਿਹਾ। ਇਸ ਵਿਧਾਇਕ ਦੇ ਪਿਤਾ ਰਾਣਾ ਗੁਰਜੀਤ ਸਿੰਘ ਕਪੂਰਥਲਾ ਹਲਕੇ ਤੋਂ ਵਿਧਾਇਕ ਹਨ ਤੇ ਰਾਣਾ ਇੰਦਰ ਪ੍ਰਾਤਪ ਸਿੰਘ ਸੁਲਤਾਨਪੁਰਾ ਲੋਧੀ ਤੋਂ ਆਜ਼ਾਦ ਜਿੱਤੇ ਸਨ। ਜਿੱਤਣ ਤੋਂ ਬਾਅਦ ਇਸ ਵਿਧਾਇਕ ਨੇ ਕਾਂਗਰਸ ਦਾ ਸਾਥ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਦੇ ਘਟਨਾਕ੍ਰਮ ਤੋਂ ਨਵੇਂ ਕਿਆਸ ਲਾਏ ਜਾਣ ਲੱਗੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਚੁੱਪ
ਸ਼੍ਰੋਮਣੀ ਅਕਾਲੀ ਦਲ ਦੇ ਤਿੰਨੋਂ ਵਿਧਾਇਕਾਂ ਨੇ ਕਾਂਗਰਸ ਵੱਲੋਂ ਫੌਜਾ ਸਿੰਘ ਸਰਾਰੀ ਦੇ ਮੁੱਦੇ ’ਤੇ ਕਾਂਗਰਸ ਦੇ ਪ੍ਰਦਰਸ਼ਨ ਦਾ ਕੋਈ ਸਾਥ ਨਾ ਦਿੱਤਾ। ਮਨਪ੍ਰੀਤ ਸਿੰਘ ਇਯਾਲੀ, ਗਨੀਵ ਮਜੀਠੀਆ ਅਤੇ ਡਾ. ਸੁਖਵਿੰਦਰ ਸਿੰਘ ਸੁੱਖੀ ਚੁੱਪ-ਚਾਪ ਬੈਠੇ ਰਹੇ। ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਜਦੋਂ ਬਰਗਾੜੀ ਮਾਮਲੇ ’ਤੇ ਸੁਖਬੀਰ ਸਿੰਘ ਬਾਦਲ ’ਤੇ ਬਰਗਾੜੀ ਮੁੱਦੇ ਨੂੰ ਲੈ ਕੇ ਨਿਸ਼ਾਨਾ ਸੇਧਿਆ ਤਾਂ ਅਕਾਲੀ ਦਲ ਦੇ ਦੋ ਵਿਧਾਇਕ ਡਾ. ਸੁੱਖੀ ਤੇ ਸ੍ਰੀਮਤੀ ਮਜੀਠੀਆ ਬੋਲਣ ਲਈ ਖੜ੍ਹੇ ਹੋਏ। ਹੰਗਾਮੇ ਦੌਰਾਨ ਆਪਣੀ ਗੱਲ ਨਾ ਆਖ ਸਕੇ ਤਾਂ ਤਿੰਨੋਂ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਮਨਪ੍ਰੀਤ ਸਿੰਘ ਇਯਾਲੀ ਤਾਂ ਸੁਖਬੀਰ ਸਿੰਘ ਬਾਦਲ ਦੇ ਹੱਕ ’ਚ ਖੜ੍ਹੇ ਵੀ ਨਾ ਹੋਏ।
ਸਰਾਰੀ ਬਾਰੇ ਫ਼ੈਸਲੇ ਤੋਂ ਪਹਿਲਾਂ ਸਰਕਾਰ ਜਾਂਚ ਪੁਖ਼ਤਾ ਕਰਨ ਦੇ ਰੌਂਅ ਵਿੱਚ
ਚੰਡੀਗੜ੍ਹ (ਚਰਨਜੀਤ ਭੁੱਲਰ): ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਬਾਰੇ ਆਖਰੀ ਫ਼ੈਸਲਾ ਇਸ ਲਈ ਨਹੀਂ ਲਿਆ ਗਿਆ ਕਿਉਂਕਿ ‘ਆਪ’ ਸਰਕਾਰ ਹਾਲੇ ਸ਼ੁਰੂ ਕੀਤੀ ਜਾਂਚ ਨੂੰ ਪੁਖ਼ਤਾ ਕਰਨ ’ਚ ਜੁਟੀ ਹੋਈ ਹੈ। ਅਹਿਮ ਸੂਤਰਾਂ ਅਨੁਸਾਰ ਜਾਂਚ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਲੀਕ ਆਡੀਓ ਵਿਚ ਆਵਾਜ਼ ਫੌਜਾ ਸਿੰਘ ਸਰਾਰੀ ਦੀ ਹੈ ਅਤੇ ਇਹ ਆਡੀਓ ਸਰਾਰੀ ਦੇ ਮੰਤਰੀ ਬਣਨ ਤੋਂ ਚਾਰ ਮਹੀਨੇ ਪਹਿਲਾਂ ਦੀ ਹੈ। ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਸਰਾਰੀ ਦੀ ਆਪਣੇ ਕਿਸੇ ਨੇੜਲੇ ਨਾਲ ਗੱਲਬਾਤ ਦੀ ਆਡੀਓ ਲੀਕ ਹੋਈ ਸੀ ਜਿਸ ਵਿਚ ਕਥਿਤ ਸੌਦੇਬਾਜ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ‘ਆਪ’ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ‘ਜ਼ੀਰੋ ਟੌਲਰੈਂਸ’ ਦੇ ਮੁੱਦੇ ’ਤੇ ਅਕਸ ਸਾਫ਼ ਰਹੇ ਅਤੇ ਹਾਈਕਮਾਨ ਨੇ ਵੀ ਇਸ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਮਾਨ ਬੀਤੇ ਦਿਨ ਫ਼ਿਰੋਜ਼ਪੁਰ ਵਿਚ ਖ਼ੁਲਾਸਾ ਕਰ ਚੁੱਕੇ ਹਨ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਜੁਆਬ ਦੀ ਉਡੀਕ ਕੀਤੀ ਜਾ ਰਹੀ ਹੈ। ਅਹਿਮ ਵੇਰਵਿਆਂ ਅਨੁਸਾਰ ‘ਆਪ’ ਸਰਕਾਰ ਹਾਲੇ ਫ਼ੌਰੀ ਕੋਈ ਐਕਸ਼ਨ ਨਹੀਂ ਲਵੇਗੀ ਅਤੇ ਮੁੱਖ ਮੰਤਰੀ ਇਹ ਯਕੀਨੀ ਬਣਾ ਰਹੇ ਹਨ ਕਿ ਲੀਕ ਆਡੀਓ ਦੀ ਹਰ ਪਹਿਲੂ ਤੋਂ ਜਾਂਚ ਹੋਵੇ ਤੇ ਮੰਤਰੀ ਸਰਾਰੀ ਨੂੰ ਆਪਣਾ ਪੱਖ ਰੱਖਣ ਦਾ ਵੀ ਮੌਕਾ ਦਿੱਤਾ ਜਾਵੇ। ਕਈ ਸੂਤਰਾਂ ਅਨੁਸਾਰ ਕਾਰਵਾਈ ਮੁਕੰਮਲ ਹੋਣ ਦੀ ਸੰਭਾਵਨਾ ਉਦੋਂ ਹੈ, ਜਦੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗੇਗਾ। ਅਕਤੂਬਰ ਮਹੀਨੇ ਦੇ ਅੱਧ ਵਿਚ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ। ‘ਆਪ’ ਸਰਕਾਰ ਇਸ ਮਾਮਲੇ ’ਚ ਲਏ ਗਏ ਫ਼ੈਸਲੇ ਦਾ ਸਿਆਸੀ ਫ਼ਾਇਦਾ ਗੁਜਰਾਤ ਤੇ ਹਿਮਾਚਲ ਚੋਣਾਂ ਵਿਚ ਲੈਣ ਦੀ ਇੱਛੁਕ ਹੈ ਤੇ ਕਾਰਵਾਈ ਕਰਕੇ ਵਿਰੋਧੀ ਧਿਰਾਂ ਨੂੰ ਵੀ ਸਿਆਸੀ ਫ਼ਾਇਦਾ ਚੁੱਕਣ ਦਾ ਮੌਕਾ ਵੀ ਨਹੀਂ ਦੇਵੇਗੀ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਜਨਤਕ ਮੁੱਦਿਆਂ ’ਤੇ ਰੱਖੀ ਬਹਿਸ ਦੌਰਾਨ ਫੌਰਾ ਸਿੰਘ ਸਰਾਰੀ ਨੂੰ ਅੱਜ ਨਿਸ਼ਾਨੇ ’ਤੇ ਰੱਖਿਆ ਗਿਆ ਸੀ। ਚੇਤੇ ਰਹੇ ਕੇ ਕੁਝ ਸਮਾਂ ਪਹਿਲਾਂ ਸਰਾਰੀ ਦੀ ਆਪਣੇ ਕਿਸੇ ਨੇੜਲੇ ਨਾਲ ਸੌਦੇਬਾਜ਼ੀ ਸਬੰਧੀ ਇੱਕ ਆਡੀਓ ਲੀਕ ਹੋਈ ਸੀ।
ਵਜ਼ਾਰਤੀ ਵਾਧੇ ਦੇ ਰੌਂਅ ’ਚ ਨਹੀਂ ਸਰਕਾਰ
‘ਆਪ’ ਸਰਕਾਰ ਹਾਲੇ ਕੈਬਨਿਟ ਵਿਸਥਾਰ ਕਰਨ ਦੇ ਰੌਂਅ ਵਿੱਚ ਨਹੀਂ ਜਾਪਦੀ। ਬੀਤੇ ਦਿਨ ਤੋਂ ਇਹ ਅਟਕਲਾਂ ਜ਼ੋਰਾਂ ’ਤੇ ਹਨ ਕਿ ਕੈਬਨਿਟ ਮੰਤਰੀ ਸਰਾਰੀ ਦੀ ਛੁੱਟੀ ਮਗਰੋਂ ਕੈਬਨਿਟ ਵਿਚ ਵਿਸਥਾਰ ਹੋਵੇਗਾ। ਸੂਤਰਾਂ ਅਨੁਸਾਰ ‘ਆਪ’ ਸਰਕਾਰ ਦੇ ਏਜੰਡੇ ’ਤੇ ਹਾਲੇ ਕੈਬਨਿਟ ਵਿਸਥਾਰ ਨਹੀਂ ਹੈ ਅਤੇ ਨਾ ਹੀ ‘ਆਪ’ ਹਾਈਕਮਾਨ ਨੇ ਅਜਿਹਾ ਕੋਈ ਇਸ਼ਾਰਾ ਕੀਤਾ ਹੈ।