ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਦੀਆਂ ਦੋਵੇਂ ਸੀਟਾਂ ਲਈ ‘ਆਪ’ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਦੀ ਚੋਣ ਨਿਰਵਿਰੋਧ ਹੋ ਗਈ ਹੈ। ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖ਼ਰੀ ਦਿਨ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਨਾ ਲਏ ਜਾਣ ’ਤੇ ਰਾਜ ਸਭਾ ਚੋਣ ਰਿਟਰਨਿੰਗ ਅਫ਼ਸਰ-ਕਮ ਸਕੱਤਰ ਪੰਜਾਬ ਵਿਧਾਨ ਸਭਾ ਸੁਰਿੰਦਰ ਪਾਲ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜ ਸਭਾ ਮੈਂਬਰ ਐਲਾਨਦਿਆਂ ਦੋਵਾਂ ਨੂੰ ‘ਚੋਣ ਸਰਟੀਫ਼ਿਕੇਟ’ ਸੌਂਪ ਦਿੱਤੇ ਹਨ। ਇਸ ਮੌਕੇ ਸੰਤ ਸੀਚੇਵਾਲ ਤੇ ਸ੍ਰੀ ਸਾਹਨੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਤੇ ਸ੍ਰੀ ਸੰਧਵਾਂ ਨੇ ਦੋਵੇਂ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਉੱਪਰਲੇ ਸਦਨ ਵਿੱਚ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਰਾਜ ਸਭਾ ਦੀਆਂ ਸਾਰੀਆਂ ਸੀਟਾਂ ‘ਆਪ’ ਦੀ ਝੋਲੀ ਵਿੱਚ ਪੈ ਗਈਆਂ ਹਨ। ਇਸ ਤੋਂ ਪਹਿਲਾਂ ਅਪਰੈਲ ਮਹੀਨੇ ਵਿੱਚ ਵੀ ਚਾਰ ਮੈਂਬਰ ‘ਆਪ’ ਦੇ ਹੀ ਚੁਣੇ ਗਏ ਸਨ। -ਟਨਸ