ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜਨਵਰੀ
ਸਮਾਜਵਾਦੀ ਪਾਰਟੀ ਆਗੂ ਤੇ ਉਤਰ ਪ੍ਰਦੇਸ਼ ਵਿਧਾਨ ਪਰਿਸ਼ਦ ਦੇ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਨਾਲ ਜੁੜੀ ਇਕ ਅਣਸੁਖਾਵੀਂ ਘਟਨਾ ਨੂੰ ਬਿਆਨਬਾਜ਼ੀ ਕਰ ਕੇ ਉਲਝਾਇਆ ਜਾ ਰਿਹਾ ਹੈ ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਆਪਸੀ ਤਾਲਮੇਲ ਰਾਹੀਂ ਕੀਤੇ ਪ੍ਰਬੰਧਾਂ ਵਿੱਚ ਜੋ ਵਿਗਾੜ ਆਇਆ ਉਹ ਖਰਾਬ ਮੌਸਮ ਤੇ ਬਾਰਸ਼ ਕਾਰਨ ਆਇਆ ਸੀ ਜਿਸ ਕਾਰਨ ਬਠਿੰਡਾ ਤੋਂ ਫਿਰੋਜ਼ਪੁਰ ਲਈ ਹਵਾਈ ਸਫਰ ਅਚਾਨਕ ਤੇ ਬਹੁਤ ਥੋੜ੍ਹੇ ਸਮੇਂ ਵਿੱਚ ਰੱਦ ਕੀਤਾ ਗਿਆ। ਇਸ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਜ਼ਾ ਦੇਣਾ ਬਿਲਕੁਲ ਵਾਜਬ ਨਹੀਂ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਹੱਦੀ ਸੂਬੇ ਪੰਜਾਬ ਦੀ ਮਦਦ ਕਰਨ ਦੀਆਂ ਜੋ ਪਹਿਲਾਂ ਯੋਜਨਾਵਾਂ ਸਨ, ਉਨ੍ਹਾਂ ਵਿਚ ਤਬਦੀਲੀ ਨਾ ਕੀਤੀ ਜਾਵੇ।