ਐਨਪੀ. ਧਵਨ
ਪਠਾਨਕੋਟ, 27 ਅਗਸਤ
ਸ਼ਾਹਪੁਰਕੰਡੀ ਡੈਮ ਦੇ ਪ੍ਰਸ਼ਾਸਨ ਨੇ ਬੈਰਾਜ ਬੰਨ੍ਹ ਲਈ ਪਿੰਡ ਥੜਾ ਝਿੱਕਲਾ ਵਿੱਚ ਕਈ ਸਾਲ ਪਹਿਲਾਂ ਭੂਮੀ ਨੂੰ ਐਕੁਆਇਰ ਕੀਤਾ ਸੀ ਅਤੇ ਉਸ ਸਮੇਂ ਬਣਦਾ ਮੁਆਵਜ਼ਾ ਵੀ ਸਰਕਾਰ ਦੀ ਪਾਲਿਸੀ ਅਨੁਸਾਰ ਦੇ ਦਿੱਤਾ ਗਿਆ ਸੀ ਪਰ ਭੂਮੀ ਮਾਲਕਾਂ ਨੇ ਘੱਟ ਰੇਟ ਮਿਲਣ ਕਾਰਨ ਅਦਾਲਤ ਵਿੱਚ ਵੱਧ ਰੇਟ ਲੈਣ ਲਈ ਕੇਸ ਦਾਇਰ ਕਰ ਦਿੱਤੇ ਸਨ। ਜਿਸ ’ਤੇ ਕਈ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਵੀ ਮਿਲਿਆ ਸੀ ਪਰ ਬੈਰਾਜ ਡੈਮ ਪ੍ਰਸ਼ਾਸਨ ਨੇ ਕੁਝ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਵਿੱਚ ਦੇਰੀ ਕਰ ਦਿੱਤੀ ਸੀ। ਜਿਸ ’ਤੇ ਭੂਮੀ ਮਾਲਕਾਂ ਨੇ ਅਦਾਲਤ ਵਿੱਚ ਆਪਣੇ ਕੇਸ ਦੇ ਆਧਾਰ ’ਤੇ ਬਣਦੇ ਮੁਆਵਜ਼ੇ ਨੂੰ ਦਿਵਾਉਣ ਲਈ ਅਪੀਲ ਕੀਤੀ ਸੀ ਜਦੋਂਕਿ ਬੈਰਾਜ ਡੈਮ ਪ੍ਰਸ਼ਾਸਨ ਮੁਆਵਜ਼ੇ ਨੂੰ ਅਦਾ ਕਰਨ ਵਿੱਚ ਲਗਾਤਾਰ ਦੇਰੀ ਕਰਨ ਲੱਗਾ। ਅਖੀਰ ਅਦਾਲਤ ਨੇ ਸ਼ਾਹਪੁਰਕੰਡੀ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਚੀਫ ਇੰਜਨੀਅਰ ਦਫ਼ਤਰ ਨੂੰ ਤਾਲਾ ਲਗਾਉਣ ਦੇ ਆਦੇਸ਼ ਦੇ ਦਿੱਤੇ ਅਤੇ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਵੀ ਆਦੇਸ਼ ਦਿੱਤਾ। ਜਿਸ ’ਤੇ ਚੀਫ ਇੰਜਨੀਅਰ ਦਫ਼ਤਰ ਦੇ ਗੇਟ ’ਤੇ ਤਾਲਾ ਲਗਾ ਦਿੱਤਾ ਗਿਆ। ਇਸ ਸਬੰਧੀ ਡੈਮ ਦੇ ਜਨਰਲ ਮੈਨੇਜਰ ਸੰਦੀਪ ਕੁਮਾਰ ਸਲੂਜਾ ਨੇ ਤਾਲਾ ਲੱਗਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਹੋਣ ਕਾਰਨ ਮੁਆਵਜ਼ਾ ਰਾਸ਼ੀ ਦੇਣ ਵਿੱਚ ਦੇਰੀ ਹੋਈ ਹੈ ਅਤੇ ਸ਼ਾਹਪੁਰਕੰਡੀ ਡੈਮ ਪ੍ਰਸ਼ਾਸਨ ਦੇ ਅਧਿਕਾਰੀ ਅਦਾਲਤ ’ਚ ਪੁੱਜ ਕੇ ਪ੍ਰਭਾਵਿਤ ਪਰਿਵਾਰਾਂ ਦੀ ਮੁਆਵਜ਼ੇ ਦੀ ਰਾਸ਼ੀ ਨੂੰ ਜਮਾਂ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਹਨ ਤੇ ਅਦਾਲਤ ਦੇ ਆਦੇਸ਼ਾਂ ਨਾਲ ਚੀਫ ਇੰਜਨੀਅਰ ਦਫ਼ਤਰ ਤੋਂ ਤਾਲਾ ਹਟਾ ਦਿੱਤਾ ਜਾਵੇਗਾ।