ਚਰਨਜੀਤ ਭੁੱਲਰ
ਚੰਡੀਗੜ੍ਹ, 6 ਸਤੰਬਰ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਮਾਈਕਰੋ ਫਾਇਨਾਂਸ ਫਰਮਾਂ ਵੱਲੋਂ ਨਾਜਾਇਜ਼ ਵਸੂਲੀ ਕਰਨ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਫਰਮਾਂ ਨੇ ਭਾਰਤੀ ਰਿਜ਼ਰਵ ਬੈਂਕ ਦੇ ਨਿਰਪੱਖ ਉਧਾਰ ਅਭਿਆਸ ਕੋਡ ਦੀ ਉਲੰਘਣਾ ਕਰਕੇ ਜੇਕਰ ਨਾਜਾਇਜ਼ ਵਸੂਲੀ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਿੱਤ ਵਿਭਾਗ ਨੂੰ ਹਦਾਇਤ ਕੀਤੀ ਕਿ ਅਜਿਹੀ ਕਿਸੇ ਵੀ ਘਟਨਾ ਦੀ ਰਿਪੋਰਟ ਭਾਰਤੀ ਰਿਜ਼ਰਵ ਬੈਂਕ ਨੂੰ ਕੀਤੀ ਜਾਵੇ। ਸ੍ਰੀ ਚੀਮਾ ਨੇ ਅੱਜ ਇੱਥੇ ਵਿੱਤ ਭਵਨ ਵਿੱਚ ਪੇਂਡੂ ਤੇ ਖੇਤ ਮਜ਼ਦੂਰ ਧਿਰਾਂ ’ਤੇ ਆਧਾਰਿਤ ਸਾਂਝੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਨ੍ਹਾਂ ਆਗੂਆਂ ਨੇ ਹੋਰਨਾਂ ਮੰਗਾਂ ਦੇ ਨਾਲ ਨਾਲ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਗ਼ੈਰਕਨੂੰਨੀ ਤਰੀਕਿਆਂ ਨੂੰ ਠੱਲ੍ਹਣ ਦੀ ਮੰਗ ਰੱਖੀ। ਮਜ਼ਦੂਰ ਆਗੂਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਏ ਜਾਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ।