ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੂਨ
ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਨਵੇਂ ਯੂਜੀਸੀ ਪੇਅ ਸਕੇਲ ਲਾਗੂ ਕੀਤੇ ਜਾਣਗੇ, ਜਿਸ ਦਾ ਪੰਜਾਬ ਦੇ ਯੂਨੀਵਰਸਿਟੀ ਤੇ ਕਾਲਜ ਅਧਿਆਪਕਾਂ ਦੀ ਜਥੇਬੰਦੀ ‘ਪੰਜਾਬ ਫ਼ੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ’ (ਪੀਫੈਕਟੋ) ਦੇ ਜਨਰਲ ਸਕੱਤਰ ਡਾ. ਜਗਵੰਤ ਸਿੰਘ ਨੇ ਧੰਨਵਾਦ ਕੀਤਾ ਸੀ। ਮੁੱਖ ਮੰਤਰੀ ਦੇ ਐਲਾਨ ਮਗਰੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਪਹਿਲੇ ਬਜਟ ਵਿੱਚ ਯੂਜੀਸੀ ਪੇਅ ਸਕੇਲ ਲਾਗੂ ਕਰਨ ਬਾਰੇ ਵਿੱਤੀ ਪ੍ਰਬੰਧ ਕਰਨਗੇ ਪਰ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਇਸ ਤਰ੍ਹਾਂ ਦਾ ਤੱਥਾਂ ਮੁਤਾਬਕ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਇਸ ਦੇ ਉਲਟ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਬਜਟ ਵਿੱਚ ਪਹਿਲਾਂ ਨਾਲੋਂ ਤਿੰਨ ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਅਤੇ ਸਰਕਾਰੀ ਸਹਾਇਤਾ ਪ੍ਰਾਪਤ 136 ਕਾਲਜਾਂ ਦੇ ਬਜਟ ਵਿੱਚ ਸਿਰਫ ਪੰਜ ਕਰੋੜ ਰੁਪਏ ਦਾ ਵਾਧਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਵਿੱਚ ਸਰਕਾਰ ਦੇ ਇਸ ਰਵੱਈਏ ਨਾਲ ਯੂਨੀਵਰਸਿਟੀ ਅਤੇ ਕਾਲਜ ਅਧਿਆਪਕ ਨਿਰਾਸ਼ ਹਨ।
ਪੀਫੈਕਟੋ ਦੇ ਜਨਰਲ ਸਕੱਤਰ ਡਾ. ਜਗਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਿੱਖਿਆ ਦੇ ਖੱਪੇ ਨੂੰ ਪੂਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਬਜਟ ਮੁੱਖ ਮੰਤਰੀ ਦੇ ਐਲਾਨ ਦੇ ਵਾਅਦਿਆਂ ਨੂੰ ਪੂਰਾ ਕਰਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਚਾਲੂ ਸੈਸ਼ਨ ਦੌਰਾਨ ਹੀ ਬਜਟ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪੈ ਸਕੇ।