ਪੱਤਰ ਪ੍ਰੇਰਕ
ਅੰਮ੍ਰਿਤਸਰ, 7 ਦਸੰਬਰ
ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਅਤੇ ਸਟੂਡੈਂਟਸ ਫਾਰ ਸੁਸਾਇਟੀ ਦੀ ਅਗਵਾਈ ਵਿੱਚ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਵੀ.ਸੀ. ਦਫ਼ਤਰ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕਠੇ ਹੋਏ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਮੁਜ਼ਾਹਰਾ ਕੀਤਾ। ਵਿਦਿਆਰਥੀ ਆਗੂ ਸਿਮਰਨ ਨੇ ਦੱਸਿਆ ਕਿ 14 ਦਸੰਬਰ ਤੋਂ ਸਮੈਸਟਰ ਦੀਆਂ ਅੰਤਿਮ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਇਸ ਨੇ ਵਿਦਿਆਰਥੀਆਂ ਵਿਚ ਤਣਾਅ ਦਾ ਮਾਹੌਲ ਬਣਾ ਦਿੱਤਾ ਸੀ। ਇਸੇ ਸਬੰਧ ਵਿੱਚ ਪੰਜ ਮੰਗਾਂ ਕੀਤੀਆਂ ਗਈਆਂ ਸਨ। ਵਿਦਿਆਰਥੀਆਂ ਨੇ ਇਸ ਮੌਕੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਰਵਿੰਦਰ ਨੇ ਸਾਰੇ ਵਿਦਿਆਰਥੀਆਂ ਨੂੰ ਮੰਗਾਂ ਪੜ੍ਹ ਕੇ ਸੁਣਾਈਆਂ। ਉਨ੍ਹਾਂ ਕਿਹਾ ਕਿ ਮੰਗਾਂ ’ਤੇ ਵਿਦਿਆਰਥੀਆਂ ਦੇ ਰੋਹ ਅੱਗੇ ਝੁਕਦੇ ਹੋਏ ਡੀਨ ਸਟੂਡੈਂਟਸ ਵੈੱਲਫੇਅਰ, ਡੀਨ ਅਕੈਡਮਿਕ, ਰਜਿਸਟਰਾਰ ਵਿਦਿਆਰਥੀਆਂ ਨਾਲ਼ ਗੱਲ ਕਰਨ ਲਈ ਉਥੇ ਪੁੱਜੇ ਅਤੇ ਪ੍ਰਸਾਸ਼ਨ ਨੇ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀਆਂ ਨੂੰ ਹੋਸਟਲ ਫੀਸ ਵਿੱਚ 35 ਫੀਸਦ ਦੀ ਰਾਹਤ ਦਿੱਤੀ ਜਾਵੇਗੀ।