ਗਗਨਦੀਪ ਅਰੋੜਾ
ਲੁਧਿਆਣਾ, 16 ਜਨਵਰੀ
ਸਿਆਸੀ ਪਾਰਟੀਆਂ ਵਾਂਗ ਕਿਸਾਨਾਂ ਵੱਲੋਂ ਚੋਣਾਂ ਲਈ ਬਣਾਈ ਗਈ ਜਥੇਬੰਦੀ ‘ਸੰਯੁਕਤ ਸਮਾਜ ਮੋਰਚਾ’ ਵੀ ਟਿਕਟਾਂ ਦੀ ਵੰਡ ਵਿੱਚ ਉਲਝ ਗਈ ਹੈ। ਅੱਜ ਦੂਜੀ ਵਾਰ ਸੰਯੁਕਤ ਸਮਾਜ ਮੋਰਚਾ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਟਾਲ ਦਿੱਤੀ। ਉਮੀਦਵਾਰਾਂ ਦੀ ਸੂਚੀ ਨੂੰ ਅੱਜ ਫਿਰ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਹਾਲੇ ਨਵੀਂ ਲਿਸਟ ’ਤੇ ਸਕਰੀਨਿੰਗ ਕਮੇਟੀ ਦੀ ਸਹਿਮਤੀ ਨਹੀਂ ਬਣ ਸਕੀ ਹੈ। ਸੂਤਰ ਦੱਸਦੇ ਹਨ ਕਿ ਅੱਜ ਸਕਰੀਨਿੰਗ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਜਿਸ ਵਿਚ ਕੁਝ ਉਮੀਦਵਾਰਾਂ ਦੇ ਨਾਵਾਂ ’ਤੇ ਆਗੂਆਂ ਦੀ ਸਹਿਮਤੀ ਨਹੀਂ ਬਣੀ ਜਿਸ ਕਾਰਨ ਸੂਚੀ ਨੂੰ ਟਾਲਣਾ ਪਿਆ। ਜਾਣਕਾਰੀ ਅਨੁਸਾਰ ਸੰਯੁਕਤ ਸਮਾਜ ਮੋਰਚਾ ਵੱਲੋਂ ਐਤਵਾਰ ਨੂੰ ਪੱਤਰਕਾਰ ਮਿਲਣੀ ਸੱਦੀ ਗਈ ਸੀ ਤੇ ਇਸ ’ਚ 45 ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਸੀ, ਪਰ ਇਸ ਤੇ ਫੈਸਲਾ ਨਹੀਂ ਹੋ ਸਕਿਆ। ਪਹਿਲਾਂ ਪੱਤਰਕਾਰਾਂ ਨੂੰ ਉਥੇ ਬੁਲਾ ਲਿਆ ਗਿਆ, ਪਰ ਬਾਅਦ ’ਚ ਪੱਤਰਕਾਰ ਮਿਲਣੀ ਰੱਦ ਕਰ ਦਿੱਤੀ ਗਈ। ਇਸ ਤੋਂ ਪਹਿਲਾਂ 14 ਜਨਵਰੀ ਨੂੰ ਵੀ ਪੱਤਰਕਾਰਾਂ ਨੂੰ ਸੱਦਿਆ ਗਿਆ ਸੀ ਤੇ ਸੂਚੀ ਜਾਰੀ ਕੀਤੀ ਜਾਣੀ, ਪਰ ਇਸ ਦਿਨ ਵੀ ਦੇਰ ਰਾਤ ਨੂੰ ਫੈਸਲਾ ਨਾ ਆਉਣ ਕਾਰਨ ਪੱਤਰਕਾਰ ਮਿਲਣੀ ਰੱਦ ਕਰ ਦਿੱਤੀ ਗਈ ਅਤੇ ਆਖਿਆ ਗਿਆ ਸੀ ਕਿ 16 ਜਨਵਰੀ ਨੂੰ ਲਿਸਟ ਜਾਰੀ ਕੀਤੀ ਜਾਵੇਗੀ। ਅੱਜ ਇੱਥੇ ਕਿਸਾਨ ਆਗੂ ਜੰਗਵੀਰ ਸਿੰਘ ਤੇ ਬਲਵੰਤ ਸਿੰਘ ਬਹਿਰਾਮ ਨੇ ਕਿਹਾ ਕਿ ਹਾਲੇ ਵੀ ਦੂਸਰੀ ਸੂਚੀ ਮੁਕੰਮਲ ਨਹੀਂ ਹੋ ਸਕੀ ਹੈ, ਇਸ ਲਈ ਉਹ ਸੂਚੀ ਜਾਰੀ ਨਹੀਂ ਕਰ ਰਹੇ। ਸੰਯੁਕਤ ਸਮਾਜ ਮੋਰਚੇ ਵੱਲੋਂ ਅੱਜ ਦੂਸਰੀ ਸੂਚੀ ਜਾਰੀ ਹੋਣੀ ਸੀ। ਇਸ ਲਈ ਸਕਰੀਨਿੰਗ ਕਮੇਟੀ ਵੱਲੋਂ ਅੱਜ ਪੂਰਾ ਦਿਨ ਮੀਟਿੰਗ ਕੀਤੀ ਗਈ। ਇਸ ’ਚ ਬਲਵੀਰ ਸਿੰਘ ਰਾਜੇਵਾਲ ਸਮੇਤ ਹੋਰ ਆਗੂ ਵੀ ਸ਼ਾਮਲ ਸਨ। ਬਾਅਦ ਦੁਪਹਿਰ ਜਦੋਂ ਸੂਚੀ ਫਾਈਨਲ ਹੋ ਰਹੀ ਸੀ ਤਾਂ ਸਕਰੀਨਿੰਗ ਕਮੇਟੀ ਦੇ ਆਗੂ ਹੀ ਆਪਸ ’ਚ ਉਲਝ ਗਏ ਤੇ ਸੂਚੀ ਨੂੰ ਰੱਦ ਕਰ ਦਿੱਤਾ।
ਇਸ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਹੁਣ ਤੱਕ ਪਹਿਲੀ ਸੂਚੀ ’ਚ 10 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ’ਚ ਸਮਰਾਲਾ ਤੋਂ ਬਲਵੀਰ ਸਿੰਘ ਰਾਜੇਵਾਲ ਸਣੇ 10 ਉਮੀਦਵਾਰ ਐਲਾਣੇ ਗਏ ਸਨ।
ਮੋਰਚੇ ਦੇ ਸੀਨੀਅਰ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਕਮੇਟੀਆਂ ਬਣੀਆਂ ਹਨ, ਜੋ ਹੁਣ ਤੱਕ ਆਈ 1273 ਉਮੀਦਵਾਰਾਂ ’ਚੋਂ ਚੰਗੇ ਉਮੀਦਵਾਰ ਚੁਣ ਰਹੀਆਂ ਹਨ ਤੇ ਸੂਚੀ ਲੰਮੀ ਹੋਣ ਕਾਰਨ ਦੇਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੰਮ ਹੀ ਇਨ੍ਹਾਂ ਵੱਡਾ ਹੈ ਕਿ ਦੇਰੀ ਹੋਣਾ ਸੁਭਾਵਿਕ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢ ਦੇਣ ’ਤੇ ਉਨ੍ਹਾਂ ਆਖਿਆ ਕਿ ਉਹ ਚੋਣ ਲੜ ਰਹੇ ਹਨ ਤਾਂ ਇਸ ਕਰਕੇ ਉਨ੍ਹਾਂ ਨੂੰ ਸਟੇਜ ’ਤੇ ਬੋਲਣ ਦਾ ਹੱਕ ਨਹੀਂ ਹੈ। ਜੇਕਰ ਲੋੜ ਪਈ ਤਾਂ ਉਹ ਮੋਰਚੇ ਦੇ ਨਾਲ ਮਿਲ ਕੇ ਸੰਘਰਸ਼ ਕਰਨਗੇ ਅਤੇ ਸਟੇਜ ’ਤੇ ਨਾ ਜਾ ਸਕੇ ਤਾਂ ਦਰੀਆਂ ’ਤੇ ਬੈਠ ਕੇ ਸੰਘਰਸ਼ ਕਰਾਂਗੇ।