ਪੱਤਰ ਪ੍ਰੇਰਕ
ਤਲਵਾੜਾ, 31 ਅਕਤੂਬਰ
ਇੱਥੇ ਪੌਂਗ ਡੈਮ ਦਾ ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਦਾ ਸੰਭਾਵੀ ਦੌਰਾ ਐਨ ਮੌਕੇ ਰੱਦ ਹੋ ਗਿਆ। ਕੇਂਦਰੀ ਮੰਤਰੀ ਬੀਬੀਐਮਬੀ ਦੇ ਨੰਗਲ ਸਥਿਤ ਭਾਖੜਾ ਡੈਮ ਦਾ ਦੌਰਾ ਕਰ ਕੇ ਹੀ ਪਰਤ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨੇ ਨੰਗਲ ਤੋਂ ਬਾਅਦ ਕਰੀਬ 11.30 ਵਜੇ ਸਥਾਨਕ ਬੀਬੀਐਮਬੀ ਕਲੋਨੀ ਸਥਿਤ ਸ਼ਿਵਾਲਿਕ ਸਦਨ ਪਹੁੰਚਣਾ ਸੀ। ਇਸ ਮਗਰੋਂ ਉਨ੍ਹਾਂ ਪੌਂਗ ਡੈਮ ਦੇ ਦੌਰੇ ’ਤੇ ਜਾਣਾ ਸੀ ਪਰ ਮੰਤਰੀ ਭਾਖੜਾ ਡੈਮ ਤੋਂ ਹੀ ਪਰਤ ਗਏ। ਬੀਬੀਐੱਮਬੀ ਦੀ ਮੁਲਾਜ਼ਮ ਜਥੇਬੰਦੀ ‘ਏਟਕ’ ਦੇ ਆਗੂ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਕੱਲ੍ਹ ਤਲਵਾੜਾ ਵਿਚ ਸਵੇਰੇ ਕਰੀਬ ਸਾਢੇ ਸੱਤ ਵਜੇ ਪਹੁੰਚਣਾ ਸੀ, ਪਰ ਹਿਮਾਚਲ ਪ੍ਰਦੇਸ਼ ਵਿਚ ਜ਼ਿਮਨੀ ਚੋਣ ਕਾਰਨ ਇਹ ਦੌਰਾ ਅਗਲੇ ਦਿਨ ਦਾ ਕੀਤਾ ਗਿਆ ਸੀ। ਅੱਜ ਉਨ੍ਹਾਂ 11.30 ਵਜੇ ਸ਼ਿਵਾਲਿਕ ਸਦਨ ਤਲਵਾੜਾ ਵਿਚ ਪਹੁੰਚਣਾ ਸੀ। ਡੈਮ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਕੇਂਦਰ ਸਰਕਾਰ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਦੇ ਹੱਥਾਂ ’ਚ ਸੌਂਪਣ ਦੀ ਤਰਜ਼ ’ਤੇ ਡੈਮਾਂ ਦਾ ਵੀ ਨਿੱਜੀਕਰਨ ਕਰਨ ਜਾ ਰਹੀ ਹੈ।
ਬੀਬੀਐਮਬੀ ਦੇ ਅਧਿਕਾਰੀਆਂ ਨੇ ਕੇਂਦਰੀ ਮੰਤਰੀ ਸਿੰਘ ਵੱਲੋਂ ਤਲਵਾੜਾ ਦੌਰਾ ਰੱਦ ਕੀਤੇ ਜਾਣ ਦੀ ਵਜ੍ਹਾ ਮੰਤਰੀ ਦੇ ਨਿੱਜੀ ਕਾਰਨ ਦੱਸੇ ਹਨ।