ਮਨੋਜ ਸ਼ਰਮਾ
ਬਠਿੰਡਾ, 8 ਜੁਲਾਈ
ਕੇਂਦਰੀ ਮੰਤਰੀ ਹਰਦੀਪ ਪੁਰੀ ਅੱਜ ਦੋ ਦਿਨਾਂ ਦੌਰੇ ’ਤੇ ਬਠਿੰਡਾ ਪਹੁੰਚੇ। ਇਸ ਦੌਰਾਨ ਉਨ੍ਹਾਂ ਸਥਾਨਕ ਭਾਜਪਾ ਆਗੂਆਂ ਅਤੇ ਪਾਰਟੀ ਵਰਕਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਉਹ ਇੱਥੇ ਲੇਕ ਵਿਊ ਗੈਸਟ ਹਾਊਸ ਵਿੱਚ ਪੁੱਜੇ, ਜਿੱਥੇ ਪੰਜਾਬ ਪੁਲੀਸ ਦੇ ਜਵਾਨਾਂ ਤੋਂ ਗਾਰਡ ਆਫ਼ ਆਨਰ ਲੈਣ ਉਪਰੰਤ ਉਨ੍ਹਾਂ ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਹਾਲਾਂਕਿ ਉਨ੍ਹਾਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਤੇ ਆਪਣੀ ਫੇਰੀ ਦੇ ਉਦੇਸ਼ ਬਾਰੇ ਵੀ ਚੁੱਪੀ ਹੀ ਸਾਧੀ ਰੱਖੀ। ਉਹ ਇਤਿਹਾਸਕ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਨਤਮਸਤਕ ਹੋਏ। ਉਪਰੰਤ ਉਨ੍ਹਾਂ ਲੋਕ ਸਭਾ ਹਲਕਾ ਬਠਿੰਡਾ ਦੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਇੱਕ ਹੋਰ ਮੀਟਿੰਗ ਕੀਤੀ। ਉਨ੍ਹਾਂ ਬਠਿੰਡਾ ਅਤੇ ਮਾਨਸਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪੁੱਜੇ ਪਾਰਟੀ ਵਰਕਰਾਂ ਨੂੰ ਸ਼ਹਿਰ ਦੇ ਐੱਸਐੱਸਡੀ ਗਰਲਜ਼ ਕਾਲਜ ਵਿੱਚ ਸੰਬੋਧਨ ਕੀਤਾ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਵਰਕਰਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਕੇਂਦਰੀ ਮੰਤਰੀ ਆਉਣ ਵਾਲੇ ਦੋ ਦਿਨ ਸ਼ਹਿਰ ਵਿੱਚ ਰਹਿਣਗੇ ਅਤੇ ਇਸ ਦੌਰਾਨ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨਗੇ। ਸੂਤਰਾਂ ਨੇ ਦੱਸਿਆ ਕਿ ਪਾਰਟੀ ਵਰਕਰਾਂ ਨੂੰ ਪੇਂਡੂ ਖੇਤਰਾਂ ਵਿੱਚ ਪਾਰਟੀ ਦੇ ਆਧਾਰ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਜ਼ਮੀਨੀ ਪੱਧਰ ’ਤੇ ਕੰਮ ਕਰਕੇ ਹਮਾਇਤ ਜੁਟਾਉਣ ਲਈ ਕਿਹਾ ਗਿਆ ਹੈ।
ਸ਼ਨਿਚਰਵਾਰ ਨੂੰ ਉਹ ਏਮਜ਼ ਬਠਿੰਡਾ ਦਾ ਦੌਰਾ ਕਰਨਗੇ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਵੀ ਕਰਨਗੇ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਸਥਿਤੀ ਜਾਣਨ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।