ਚਰਨਜੀਤ ਭੁੱਲਰ
ਚੰਡੀਗੜ੍ਹ, 1 ਅਪਰੈਲ
ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਘੋਲ ਨੂੰ ਠਿੱਬੀ ਲਾਉਣ ਲਈ ਹੁਣ ਨਵੀਂ ਚਾਲ ਚੱਲੀ ਜਾਪਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਜਾਰੀ ਗੁਪਤ ਪੱਤਰ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਪੰਜਾਬ ਦਾ ਕਿਸਾਨ ਨਿਸ਼ਾਨੇ ’ਤੇ ਰੱਖਿਆ ਹੋਵੇ। ਪੱਤਰ ’ਚ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਬੰਧੂਆਂ ਮਜ਼ਦੂਰ ਬਣਾਏ ਜਾਣ ਦੀ ਗੱਲ ਉਭਾਰੀ ਗਈ ਹੈ ਅਤੇ ਕਿਸਾਨਾਂ ਨੂੰ ਇਸ ਮਾਮਲੇ ’ਤੇ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਹੈ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਪੱਤਰ ਅਨੁਸਾਰ ਬਾਰਡਰ ਸਕਿਉਰਿਟੀ ਫੋਰਸ (ਬੀਐੱਸਐੱਫ) ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹ ਸੂਚਨਾ ਦਿੱਤੀ ਹੈ ਕਿ ਬੀਐੱਸਐੱਫ ਨੇ ਸਾਲ 2019 ਅਤੇ ਸਾਲ 2020 ਦੌਰਾਨ ਸਰਹੱਦੀ ਇਲਾਕੇ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਅਬੋਹਰ ’ਚੋਂ 58 ਭਾਰਤੀ ਨਾਗਰਿਕ ਗ੍ਰਿਫਤਾਰ ਕੀਤੇ ਹਨ। ਬੀਐੱਸਐੱਫ ਦੀ ਪੁੱਛ ਪੜਤਾਲ ’ਚ ਇਹ ਗੱਲ ਉਭਰੀ ਦੱਸੀ ਗਈ ਹੈ ਕਿ ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ’ਚੋਂ ਬਹੁਤੇ ਕਮਜ਼ੋਰ ਦਿਮਾਗ ਦੇ ਸਨ ਜਾਂ ਫਿਰ ਮਾਨਸਿਕ ਤੌਰ ’ਤੇ ਠੀਕ ਨਹੀਂ ਸੀ ਅਤੇ ਇਹ ਕਿਸਾਨਾਂ ਨਾਲ ਬੰਧੂਆਂ ਮਜ਼ਦੂਰੀ ਕਰ ਰਹੇ ਸਨ।
ਪੱਤਰ ਅਨੁਸਾਰ ਇਹ ਫੜੇ ਗਏ ਮਜ਼ਦੂਰ ਬਿਹਾਰ ਤੇ ਯੂਪੀ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਬੀਐੱਸਐੱਫ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਨੁੱਖੀ ਤਸਕਰੀ ਸਿੰਡੀਕੇਟ ਵੱਲੋਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਲਾਲਚ ਦੇ ਕੇ ਲਿਆਂਦਾ ਜਾਂਦਾ ਹੈ ਪਰ ਪੰਜਾਬ ਪੁੱਜਣ ਮਗਰੋਂ ਇਨ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਘੱਟ ਤਨਖਾਹ ਦੇਣ ਤੋਂ ਇਲਾਵਾ ਉਨ੍ਹਾਂ ਨਾਲ ਅਣ-ਮਨੁੱਖੀ ਵਿਹਾਰ ਕੀਤਾ ਜਾਂਦਾ ਹੈ। ਇਨ੍ਹਾਂ ਮਜ਼ਦੂਰਾਂ ਤੋਂ ਖੇਤਾਂ ਵਿੱਚ ਵੱਧ ਘੰਟੇ ਕੰਮ ਕਰਾਇਆ ਜਾਂਦਾ ਹੈ ਅਤੇ ਅਕਸਰ ਇਨ੍ਹਾਂ ਨੂੰ ਨਸ਼ੇ ਵੀ ਦਿੱਤੇ ਜਾਂਦੇ ਹਨ ਜਿਸ ਕਰਕੇ ਇਨ੍ਹਾਂ ਮਜ਼ਦੂਰਾਂ ਦੀ ਮਾਨਸਿਕ ਸਥਿਤੀ ਵਿਗੜ ਜਾਂਦੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਦੱਸਦੇ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕਰਾਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ’ਤੇ ਕਾਰਵਾਈ ਕਰਨ ਲਈ ਆਖਿਆ ਹੈ ਅਤੇ ਇਸ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਾਉਣ ਲਈ ਵੀ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਇਸ ਦੇ ਨਾਲ ਹੀ ਕੇਂਦਰੀ ਕਿਰਤ ਮੰਤਰਾਲੇ ਨੂੰ ਆਖ ਦਿੱਤਾ ਹੈ ਕਿ ਪਰਵਾਸੀ ਮਜ਼ਦੂਰਾਂ ਦੇ ਜੱਦੀ ਸੂਬਿਆਂ ’ਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਮਜ਼ਦੂਰ ਗੁੰਮਰਾਹ ਨਾ ਹੋ ਸਕਣ।
ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਇਹ ਨਵਾਂ ਪੈਂਤੜਾ ਲਿਆ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਸਕੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੇਤਾਂ ’ਚ ਪਰਵਾਸੀ ਮਜ਼ਦੂਰਾਂ ਨੂੰ ਬੰਧੂਆਂ ਬਣਾਉਣ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਕਿਸਾਨਾਂ ਦਾ ਤਾਂ ਹਮੇਸ਼ਾ ਹੀ ਪਰਵਾਸੀ ਮਜ਼ਦੂਰਾਂ ਨਾਲ ਵਰ੍ਹਿਆ ਤੋਂ ਚੰਗਾ ਨਾਤਾ ਜੁੜਿਆ ਹੋਇਆ ਹੈ।
ਕਿਸਾਨੀ ਘੋਲ ਨੂੰ ਢਾਹ ਲਾਉਣ ਦਾ ਪੈਂਤੜਾ: ਸਿੱਧੂ
ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਤੇ ਕੇਂਦਰ ਸਰਕਾਰ ਨੇ ਕਿਸਾਨੀ ਘੋਲ ਨੂੰ ਢਾਹ ਲਾਉਣ ਲਈ ਇਹ ਨਵਾਂ ਸ਼ਗੂਫਾ ਛੱਡਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਹ ਚਿੱਠੀ ਕਿਸਾਨੀ ਘੋਲ ਨੂੰ ਤਾਰਪੀਡੋ ਕਰਨ ਲਈ ਹੈ। ਹਾਲਾਂਕਿ ਝੋਨੇ ਦੀ ਲਵਾਈ ਮੌਕੇ ਤਾਂ ਕਿਸਾਨ ਪਰਵਾਸੀ ਮਜ਼ਦੂਰਾਂ ਦੀ ਪੂਰੀ ਖਾਤਰਦਾਰੀ ਕਰਦੇ ਹਨ।