ਪੱਤਰ ਪ੍ਰੇਰਕ
ਬੋਹਾ/ਬਰੇਟਾ, 16 ਮਾਰਚ
ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਬਾਘਾਪੁਰਣਾ ਵਿੱਚ ਕਰਵਾਏ ਜਾਣ ਵਾਲੇ ਕਿਸਾਨ ਮਹਾ ਸੰਮੇਲਨ ਦੀ ਤਿਆਰੀ ਲਈ ਬੋਹਾ ਖੇਤਰ ਦੇ ਪਿੰਡ ਰਿਉਂਦਕਲਾਂ ਤੇ ਬਰੇਟਾ ਅਨਾਜ ਮੰਡੀ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਜਾਣ ਦਾ ਉਦੇਸ਼ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਅੰਬਾਨੀਆਂ-ਅਡਾਨੀਆਂ ਨੂੰ ਦੇਣਾ ਹੈ ਪਰ ਸਰਕਾਰ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਹਰਸਿਮਰਤ ਕੌਰ ਬਾਦਲ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਬੀਬੀ ਬਾਦਲ ਜਿੰਨਾ ਹੁਣ ਬੋਲ ਰਹੇ ਹਨ, ਜੇ ਕੇਂਦਰੀ ਮੰਤਰੀ ਹੁੰਦਿਆਂ ਇਸ ਤੋਂ ਅੱਧਾ ਵੀ ਬੋਲੇ ਹੁੰਦੇ ਤਾਂ ਕਿਸਾਨਾਂ ਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਸੀ ਪੈਣੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਆਲੋਚਨਾ ਕੀਤੀ। ਇਸ ਮੌਕੇ ਵਿਧਾਇਕ ਬੁੱਧ ਰਾਮ ਨੇ ਵੀ ਸੰਬੋਧਨ ਕੀਤਾ।