ਬਲਵਿੰਦਰ ਰੈਤ
ਨੂਰਪੁਰ ਬੇਦੀ, 3 ਜੁਲਾਈ
ਕੇਂਦਰ ਦੀਆਂ 10 ਟਰੇਡ ਯੂਨੀਅਨਾਂ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਦੀਆਂ ਫੈਡਰਸ਼ਨਾਂ ਦੇ ਸੱਦੇ ’ਤੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ, ਮਜ਼ਦੂਰ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਜਿਥੇ ਸਾਰੇ ਭਾਰਤ ਵਿੱਚ ਵਿਰੋਧ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਇਸ ਕੜੀ ਵਿੱਚ ਬਲਾਕ ਨੂਰਪੁਰ ਬੇਦੀ ਵਿਚ ਭਾਰਤ ਨਿਰਮਾਣ ਯੂਨੀਅਨ ਸੀਟੂ ਦੀ ਅਗਵਾਈ ਹੇਠ ਰੋਸ ਦਿਵਸ ਮਨਾਇਆ ਗਿਆ ਤੇ ਰੈਲੀ ਕੀਤੀ ਗਈ। ਇਸ ਮੌਕੇ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਸੰਕਟ ਸਮੇਂ ਚੁੱਕੇ ਜਾ ਰਹੇ ਮਜ਼ਦੂਰ ਤੇ ਦੇਸ਼ ਵਿਰੋਧੀ ਕਦਮਾਂ ਦੇ ਵਿਰੋਧ ਅਤੇ ਮਜ਼ਦੂਰ ਵਰਗ ਦੀਆਂ ਵਧਾਈਆਂ ਜਾ ਰਹੀਆਂ ਮੁਸ਼ਕਲਾਂ ਸਬੰਧੀ ਰੋਸ ਪ੍ਰਗਟਾਵਾ ਕਰਦੇ ਹੋਏ ਇੱਕ ਮੰਗ ਪੱਤਰ ਰਾਹੀਂ ਹੋਰ ਤਿੱਖੀਆਂ ਮੰਗਾਂ ਪੇਸ਼ ਕਰਦੇ ਹੋਏ ਬਿਨਾਂ ਦੇਰੀ ਹੱਲ ਕੀਤੇ ਜਾਣ ਮੰਗ ਕੀਤੀ।
ਰੂਪਨਗਰ (ਬਹਾਦਰਜੀਤ ਸਿੰਘ): ਕੇਂਦਰ ਤੇ ਰਾਜ ਸਰਕਾਰ ਦੀਆਂ ਕਥਿਤ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਨੀਤੀਆਂ, ਕਰੋਨਾ ਮਹਾਮਾਰੀ ਕਾਰਨ ਆਮ ਲੋਕਾਂ ਦੇ ਹੋਏ ਨੁਕਸਾਨ ,ਖੁੱਸੇ ਰੁਜ਼ਗਾਰਾਂ ਨੂੰ ਮੁੱਖ ਰੱਖ ਕੇ ਸਿਵਲ ਸਰਜਨ ਰੂਪਨਗਰ ਦੇ ਦਫ਼ਤਰ ਨੇੜੇ ਆਸ਼ਾ ਫੈਸਿਲੀਟੇਟਰ ਵਰਕਰ ਯੂਨੀਅਨ ਸੀਟੂ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਸਿਹਤ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਤੇ ਪਨਬੱਸ ਕੰਟਰੈਕਟ ਵਰਕਰਾਂ ਵੱਲੋਂ ਆਸ਼ਾ ਫੈਸਿਲੀਟੇਟਰ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸੁਰਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਧਰਨੇ ਨੂੰ ਕੰਮਕਾਜੀ ਮਹਿਲਾ ਤਾਲਮੇਲ ਕਮੇਟੀ ਦੀ ਸੂਬਾਈ ਆਗੂ ਸਾਬਕਾ ਪ੍ਰਿੰਸੀਪਲ ਰਾਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਰਤ ਕਾਨੂੰਨਾਂ ਵਿਚੋਂ ਮਜ਼ਦੂਰ-ਮੁਲਾਜ਼ਮਾਂ ਪੱਖੀ ਕਾਨੂੰਨਾਂ ਨੂੰ ਖਤਮ ਕਰਕੇ ਕਿਰਤੀ ਲੋਕਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਦੇ ਰਾਹ ’ਤੇ ਤੁਰ ਰਹੀਆਂ ਹਨ। ਇਸ ਨੂੰ ਕਿਰਤੀ ਸਮਾਜ ਕਦੇ ਸਹਿਨ ਨਹੀ ਕਰੇਗਾ।
ਮੋਰਿੰਡਾ (ਸੰਜੀਵ ਤੇਜਪਾਲ): 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਮਜ਼ਦੂਰ-ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲਾਗਰ ਸਿੰਘ ਖਮਾਣੋਂ ਕੋ-ਕਨਵੀਨਰ ਨੇ ਦੱਸਿਆ ਕਿ ਇਸ ਮੌਕੇ ਅਮਨਦੀਪ ਚਾਵਲਾ ਤਹਿਸੀਲਦਾਰ ਮੋਰਿੰਡਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨ ਵਿੱਚ ਸੋਧ ਕਰਨ, ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਬੰਦ ਕਰਨ, ਮਜ਼ਦੂਰਾਂ ਦਾ ਸ਼ੋਸ਼ਣ ਬੰਦ ਕਰਨ ਅਤੇ ਕਿਸਾਨ ਵਿਰੋਧੀ ਤੇ ਕਾਰਪੋਰੇਟ ਪੱਖੀ ਆਰਡੀਨੈਂਸ ਰੱਦ ਕੀਤੇ ਜਾਣ ਸਬੰਧੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਹੋਰ ਵੀ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ।