ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਫਰਵਰੀ
ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਦਰਬਾਰ ਸਾਹਿਬ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰੰਬਧ ਹੇਠਲੇ ਹੋਰ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੀ ਬੁਕਿੰਗ ਹੁਣ ਆਨਲਾਈਨ ਕਰਵਾ ਸਕੇਗੀ। ਇਸ ਤੋਂ ਇਲਾਵਾ ਰਾਗੀ ਜਥਿਆਂ ਦੀਆਂ ਸੇਵਾਵਾਂ ਵੀ ਆਨਲਾਈਨ ਬੁੱਕ ਕਰਵਾਈਆਂ ਜਾ ਸਕਣਗੀਆਂ। ਇਹ ਸਹੂਲਤਾਂ ਸ਼੍ਰੋਮਣੀ ਕਮੇਟੀ ਦੀ ਨਵੀਂ ਸ਼ੁਰੂ ਕੀਤੀ ਗਈ ਵੈਬਸਾਈਟ ’ਤੇ ਉਪਲੱਬਧ ਹੋਣਗੀਆਂ। ਇਸ ਵੇਲੇ ਵੈਬਸਾਈਟ ’ਤੇ ਜੇ ਕੋਈ ਸ਼ਰਧਾਲੂ ਅਖੰਡ ਪਾਠ ਦੀ ਬੁਕਿੰਗ ਕਰਵਾਉਂਦਾ ਹੈ, ਤਾਂ ਫਿਲਹਾਲ ਉਸ ਦਾ ਨਾਂ, ਪਤਾ ਆਦਿ ਦਰਜ ਕੀਤਾ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਉਸ ਨਾਲ ਨੁਮਾਇੰਦਾ ਸੰਪਰਕ ਕਰੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਲਦੀ ਹੀ ਸੰਗਤ ਇਸ ਵੈੱਬਸਾਈਟ ਰਾਹੀਂ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕੇਗੀ।