ਸਰਬਜੀਤ ਸਿੰਘ ਭੱਟੀ
ਲਾਲੜੂ, 11 ਮਾਰਚ
ਇਥੋਂ ਨਜ਼ਦੀਕੀ ਪਿੰਡ ਜੜੌਤ ਵਿਖੇ ਇਕ ਗਰੀਬ ਵਿਅਕਤੀ ਦੀ ਢਾਈ ਸੌ ਗਜ਼ ਥਾਂ ਵਿੱਚ ਖੜ੍ਹੇ ਸਫੈਦੇ ਦੇ ਢਾਈ ਸੌ ਦੇ ਕਰੀਬ ਦਰਖਤਾਂ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਵੱਢ ਕੇ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦੇ ਪੁਲੀਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਮਾਮ ਚੰਦ ਪੁੱਤਰ ਰਚਨਾ ਰਾਮ ਵਾਸੀ ਪਿੰਡ ਜੜੌਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਕਬਜ਼ੇ ਵਾਲੀ ਕਰੀਬ 250 ਗਜ਼ ਜਗ੍ਹਾ ਵਿੱਚ ਉਸ ਨੇ ਕਰੀਬ ਢਾਈ ਸਾਲ ਪਹਿਲਾਂ 300 ਦੇ ਕਰੀਬ ਸਫੈਦਿਆਂ ਦੇ ਦਰਖਤ ਲਗਾਏ ਸਨ, ਜਿਨ੍ਹਾਂ ਦੀ ਉਹ ਕਾਫੀ ਸਮੇਂ ਤੋਂ ਦੇਖ ਭਾਲ ਵੀ ਕਰ ਰਹੇ ਸਨ। ਇਸੇ ਦੌਰਾਨ 3 ਮਾਰਚ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਉਸ ਦੇ ਕਰੀਬ 250 ਦਰਖਤਾਂ ਨੂੰ ਜੜ੍ਹ ਅਤੇ ਉਪਰੋਂ ਵੱਢ ਕੇ ਉਥੇ ਹੀ ਸੁੱਟ ਦਿੱਤਾ, ਜਿਸ ਨਾਲ ਉਸ ਦਾ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਜਿਸ ਸਬੰਧੀ ਪੁਲੀਸ ਨੇ ਰਿਪੋਰਟ ਦਰਜ ਕਰ ਲਈ ਹੈ। ਥਾਣਾ ਮੁਖੀ ਲਾਲੜੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਨੁਕਸਾਨ ਵਾਲੀ ਥਾਂ ਦਾ ਮੌਕਾ ਵੇਖ ਲਿਆ ਹੈ ਅਤੇ ਸਫੈਦੇ ਵੱਢਣ ਵਾਲੇ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।