ਆਤਿਸ਼ ਗੁਪਤਾ
ਚੰਡੀਗੜ੍ਹ, 13 ਨਵੰਬਰ
‘ਆਪ’ ਪੰਜਾਬ ਦੇ ਵਿਧਾਇਕਾਂ ਨੇ ਸੂਬੇ ’ਚ ਵਧ ਰਹੀ ਬੇਰੁਜ਼ਗਾਰੀ ਦੇ ਮਾਮਲੇ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ‘ਆਪ’ ਨੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨੀ ਸੀ ਪਰ ਜਦੋਂ ਵਿਧਾਇਕ ਸਥਾਨਕ ਐੱਮਐੱਲਏ ਹੋਸਟਲ ਤੋਂ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋਏ ਤਾਂ ਉਨ੍ਹਾਂ ਨੂੰ ਹੋਸਟਲ ਦੇ ਬਾਹਰੋਂ ਹਿਰਾਸਤ ’ਚ ਲੈ ਕੇ ਥਾਣਾ ਸੈਕਟਰ 3 ਦੇ ਥਾਣੇ ’ਚ ਬੰਦ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ’ਚ ਵਿਰੋਧ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2017 ’ਚ ਕਾਂਗਰਸ ਨੇ ਘਰ-ਘਰ ਰੁਜ਼ਗਾਰ ਦੇ ਗਾਰੰਟੀ ਕਾਰਡ ਭਰੇ ਸਨ ਪਰ ਪੌਣੇ ਪੰਜ ਸਾਲਾਂ ’ਚ 55 ਲੱਖ ਪਰਿਵਾਰਾਂ ਦੇ 5500 ਨੌਜਵਾਨਾਂ ਨੂੰ ਵੀ ਨੌਕਰੀਆਂ ਨਹੀਂ ਦਿੱਤੀਆਂ। ਦੂਜੇ ਪਾਸੇ ਵਿਧਾਇਕਾਂ ਦੇ ਪੁੱਤਾਂ/ਜਵਾਈਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਭਰਾ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਰਾ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਤੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਵਾਂਗ ਕਾਂਗਰਸ ਦੇ ਕੈਪਟਨ ਤੇ ਚੰਨੀ ਨੇ ਵੀ 20-25 ਸਾਲਾਂ ਤੋਂ ਕੋਈ ਵੀ ਸਰਵੇਖਣ ਨਹੀਂ ਕਰਵਾਇਆ ਕਿ ਸੂਬੇ ’ਚ ਕਿੰਨੇ ਬੇਰੁਜ਼ਗਾਰ ਹਨ। ਇਕ ਅੰਦਾਜ਼ੇ ਮੁਤਾਬਕ ਸੂਬੇ ’ਚ 20 ਲੱਖ ਤੋਂ ਵੱਧ ਯੋਗਤਾ ਪ੍ਰਾਪਤ ਨੌਜਵਾਨ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਅਰਧ ਬੇਰੁਜ਼ਗਾਰਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ, ਜੋ ਸਿਰਫ 2 ਡੰਗ ਦੀ ਰੋਟੀ ਤੱਕ ਸੀਮਤ ਹਨ ਜਦਕਿ ਹਰ ਸਾਲ ਡੇਢ ਲੱਖ ਬੱਚਾ ਵਿਦੇਸ਼ ਜਾ ਰਿਹਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਭਖਵੇਂ ਮੁੱਦਿਆਂ ਨੂੰ ਹੱਲ ਨਾ ਕਰਕੇ ਕਾਂਗਰਸ ਨੇ ਸੂਬੇ ਨਾਲ ਧੋਖਾ ਕੀਤਾ ਹੈ, ਜਿਸ ਦੀ ਸਜ਼ਾ ਪੰਜਾਬ ਵਾਸੀ ਕਾਂਗਰਸ ਪਾਰਟੀ ਨੂੰ ਜ਼ਰੂਰ ਦੇਣਗੇ। ਇਸ ਮੌਕੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਜੈ ਸਿੰਘ ਰੋੜੀ ਹਾਜ਼ਰ ਸਨ।