ਰਵੇਲ ਸਿੰਘ ਭਿੰਡਰ
ਪਟਿਆਲਾ, 28 ਸਤੰਬਰ
ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਰੰਭਿਆ ਟੈਂਕੀ ਅੰਦੋਲਨ ਅੱਜ ਦੋ ਹਫ਼ਤੇ ਪੂਰੇ ਕਰ ਗਿਆ ਹੈ, ਪਰ ਸੰਘਰਸ਼ੀ ਕਾਰਕੁਨਾਂ ਨੂੰ ਵੱਡਾ ਗਿਲਾ ਇਹ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੇ ਸੰਘਰਸ਼ ਨੂੰ ਹਰ ਲਿਹਾਜ਼ ਤੋਂ ਅਣਦੇਖਿਆ ਕੀਤਾ ਹੋਇਆ ਹੈ। ਅਜਿਹੀ ਵਜ੍ਹਾ ਕਾਰਨ ਬੇਰੁਜ਼ਗਾਰਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਗੁੱਸੇ ਦੀ ਲਹਿਰ ਵੱਧ ਰਹੀ ਹੈ ਅਤੇ ਰੋਸ ਵਜੋਂ ਸੰਘਰਸ਼ੀ ਕਾਰਕੁਨਾਂ ਨੇ ਅੱਜ ਕਾਲੇ ਚੋਲੇ ਪਾ ਕੇ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ।
ਦੱਸਣਯੋਗ ਹੈ ਕਿ ਆਲ ਪੰਜਾਬ ਬੇਰੁਜ਼ਗਾਰ ਡੀਪੀਈ ਅਧਿਆਪਕ ਯੂਨੀਅਨ ਵੱਲੋਂ ਡੀਪੀਈ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵਿੱਚ ਇੱਕ ਹਜ਼ਾਰ ਅਸਾਮੀਆਂ ਦਾ ਵਾਧਾ ਕਰ ਕੇ ਇਸ ਨੂੰ 1873 ਅੰਕੜੇ ਤੱਕ ਲਿਜਾਣ ਦੀ ਮੰਗ ਚੁੱਕੀ ਜਾ ਰਹੀ ਹੈ। ਬੇਰੁਜ਼ਗਾਰਾਂ ਵਿੱਚ ਰੋਸ ਹੈ ਕਿ ਜਿਹੜੀਆਂ 873 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ, ਉਹ ਕਾਫ਼ੀ ਸਮੇਂ ਤੋਂ ਲਮਕਣ ਕਾਰਨ ਵੱਡੀ ਗਿਣਤੀ ਡੀ.ਪੀ.ਈ. ਪਾਸ ਉਮੀਦਵਾਰਾਂ ਦੀ ਉਮਰ ਦੀ ਹੱਦ ਟੱਪ ਰਹੀ ਹੈ। ਅਜਿਹੇ ਲਿਹਾਜ਼ ਤੋਂ ਰਿਆਇਤ ਵਜੋਂ ਅਸਾਮੀਆਂ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਹਫ਼ਤਿਆਂ ਤੋਂ ਪਟਿਆਲਾ ਵਿੱਚ ਟੈਂਕੀ ਅੰਦੋਲਨ ਵਿੱਢਿਆ ਹੋਇਆ ਹੈ, ਜਿਸ ਤਹਿਤ ਪੰਜਾਬ ਭਰ ਵਿੱਚੋਂ ਵੱਖ -ਵੱਖ ਜ਼ਿਲ੍ਹਿਆਂ ਦੇ ਕਾਰਕੁਨ ਪੜਾਅਵਾਰ ਪੁੱਜ ਕੇ ਜਿਥੇ ਟੈਂਕੀ ਉਤੇ ਚੜ੍ਹ ਕੇ ਆਪਣੀਆਂ ਮੰਗਾਂ ਉਭਾਰ ਰਹੇ ਹਨ । ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਹਰਦੀਪ ਸਿੰਘ ਪਾਤੜਾਂ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਉਹ ਟੈਂਕੀ ’ਤੇ ਡਟੇ ਰਹਿਣਗੇ।