ਰਵੇਲ ਸਿੰਘ ਭਿੰਡਰ
ਪਟਿਆਲਾ, 12 ਜਨਵਰੀ
ਇਥੇ ਮਹਿੰਦਰਾ ਕਾਲਜ ਕੈਂਂਪਸ ਵਿਚਲੀ ਪਾਣੀ ਵਾਲੀ ਟੈਂਕੀ ’ਤੇ ਰੁਜ਼ਗਾਰ ਪ੍ਰਾਪਤੀ ਲਈ ਚੜ੍ਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਅੱਜ ਅੱਠਵੇਂ ਦਿਨ ਵੀ ‘ਟੈਂਕੀ’ ਅੰਦੋਲਨ ਨੂੰ ਭਖ਼ਾਈ ਰੱਖਿਆ। ਭਾਵੇਂ ਕੜਾਕੇ ਦੀ ਠੰਢ ਤੇ ਭੁੱਖੇ-ਤਿਹਾਏ ਰਹਿਣ ਕਾਰਨ ਸੰਘਰਸ਼ੀ ਕਾਰਕੁਨਾਂ ਦੀ ਸਿਹਤ ਕਾਫ਼ੀ ਵਿਗੜ ਰਹੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਰੁਜ਼ਗਾਰ ਪ੍ਰਾਪਤੀ ਤਕ ਟੈਂਕੀ ਤੋਂ ਉਤਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਰੁਜ਼ਗਾਰ ਦੀ ਮੰਗ ਸਬੰਧੀ ਮਨੋਜ ਫਿਰੋਜ਼ਪੁਰ ਅਤੇ ਗੁਰਭੇਜ ਫਾਜ਼ਿਲਕਾ ਦੇ ਲਗਾਤਾਰ ਇੱਕ ਹਫ਼ਤੇ ਤੋਂ ਭੁੱਖੇ ਪਿਆਸੇ ਮਹਿੰਦਰਾ ਕਾਲਜ ਦੀ ਟੈਂਕੀ ਉੱਪਰ ਬੈਠਣ ਕਾਰਨ ਉਨ੍ਹਾਂ ਦੀ ਸਰੀਰਕ ਹਾਲਤ ਵਿਗੜ ਰਹੀ ਹੈ। ਉਧਰ ਪ੍ਰਸ਼ਾਸਨ ਨੇ ਟੈਂਕੀ ’ਤੇ ਬੈਠੇ ਦੋਵੇਂ ਸਾਥੀਆਂ ਨੂੰ ਹੇਠਾਂ ਉਤਾਰਨ ਦੇ ਮਨਸ਼ੇ ਨਾਲ ਸੂਬਾ ਪ੍ਰਧਾਨ ਦੀਪਕ ਕੰਬੋਜ ਨੂੰ ਅੱਜ ਪਟਿਆਲਾ ਵਿੱਚ ਮੀਟਿੰਗ ਲਈ ਸੱਦਿਆ। ਅਜਿਹੇ ਵਿੱਚ ਦੀਪਕ ਕੰਬੋਜ ਨੇ ਜਦੋਂ ਦੋਵੇਂ ਸੰਘਰਸ਼ੀ ਕਾਰਕੁਨਾਂ ਨਾਲ ਰਾਬਤਾ ਕੀਤਾ ਤਾਂ ਦੋਵਾਂ ਨੇ ਦੋ-ਟੁੱਕ ਆਖਿਆ ਕਿ ਜਦੋਂ ਤਕ ਉਨ੍ਹਾਂ ਦੀਆਂ ਰੁਜ਼ਗਾਰ ਪ੍ਰਾਪਤੀ ਤੇ ਸਬੰਧਤ ਮੰਗਾਂ ਪ੍ਰਸ਼ਾਸਨ ਵੱਲੋਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ, ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ ਅਤੇ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਟੈਂਕੀ ਤੋਂ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ। ਮਨੋਜ ਤੇ ਗੁਰਭੇਜ ਨੇ ਸਪੱਸ਼ਟ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਰੁਜ਼ਗਾਰ ਪ੍ਰਾਪਤੀ ਲਈ ਜੋ ਵਾਅਦਾ ਕੀਤਾ ਸੀ, ਉਸ ਨੂੰ ਹੁਣ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਵਾਅਦਾਖ਼ਿਲਾਫ਼ੀ ਕਾਰਨ ਬੇਰੁਜ਼ਗਾਰਾਂ ’ਚ ਆਏ ਦਿਨ ਰੋਸ ਦੀ ਲਹਿਰ ਵਧ ਰਹੀ ਹੈ। ਜਥੇਬੰਦੀ ਨੇ ਪ੍ਰਸ਼ਾਸਨ ਨੂੰ ਅੱਜ ਮੁੜ ਆਖਿਆ ਹੈ ਕਿ ਈਟੀਟੀ ਦੀ ਪੋਸਟਾਂ ਵਿੱਚ ਸਿਰਫ ਈਟੀਟੀ ਦੇ ਉਮੀਦਵਾਰਾਂ ਨੂੰ ਹੀ ਰੱਖੇ ਜਾਣ ਦੀ ਵਿਵਸਥਾ ਕੀਤੀ ਜਾਵੇ ਤੇ ਈਟੀਟੀ ਅਧਿਆਪਕਾਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਲਦੀ ਜਾਰੀ ਕਰਕੇ ਬੇਰੁਜ਼ਗਾਰਾਂ ਨੂੰ ਸ਼ਾਂਤ ਕੀਤਾ ਜਾਵੇ।