ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਕਤੂਬਰ
ਈਟੀਟੀ ਟੈਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਭਰਤੀ ਪ੍ਰਕਿਰਿਆ ਮੁਕੰਮਲ ਕਰਾਉਣ ਲਈ ਸੰਗਰੂਰ ਵਿੱਚ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਸੂਬਾ ਪੱਧਰੀ ਮਰਨ ਵਰਤ ਚੌਥੇ ਦਿਨ ਵੀ ਲਗਾਤਾਰ ਜਾਰੀ ਰਿਹਾ। ਅੱਜ ਦਸਹਿਰੇ ਵਾਲੇ ਦਿਨ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੇ ਰੋਸ ਮਾਰਚ ਕਰਦਿਆਂ ਲਾਲ ਬੱਤੀ ਚੌਕ ਵਿਚ ਆਵਾਜਾਈ ਠੱਪ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਰਾਵਨ ਰੂਪੀ ਪੁਤਲੇ ਫੂਕ ਕੇ ਮੁਜ਼ਾਹਰਾ ਕੀਤਾ। ਅੱਜ ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਆਗੂ ਕ੍ਰਿਸ਼ਨ ਸਿੰਘ ਦੁੱਗਾਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਨੇ ਪੁੱਜ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਅੱਜ ਚੌਥੇ ਦਿਨ ਵੀ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਮਰਨ ਵਰਤ ’ਤੇ ਡਟੇ ਰਹੇ। ਪ੍ਰਦਰਸ਼ਨ ਦੌਰਾਨ ਸਿਹਤ ਖ਼ਰਾਬ ਹੋਣ ਮਗਰੋਂ ਲਾਲ ਬੱਤੀ ਚੌਕ ਤੋਂ ਸੁਰਿੰਦਰਪਾਲ ਗੁਰਦਾਸਪੁਰ ਨੂੰ ਰਿਕਸ਼ੇ ’ਚ ਬਿਠਾ ਕੇ ਮਰਨ ਵਰਤ ਕੈਂਪ ਤੱਕ ਵਾਪਸ ਲਿਆਂਦਾ ਗਿਆ। ਸੁਰਿੰਦਰਪਾਲ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਸਕੱਤਰ ਪੰਜਾਬ ਨਾਲ ਮੀਟਿੰਗ ਕਰਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਯੂਨੀਅਨ ਪੰਜਾਬ ਸਰਕਾਰ ਦੇ ਹਰ ਅਧਿਕਾਰੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ ਸਰਕਾਰ ਵੱਲੋਂ ਅਦਾਲਤ ਵਿਚ ਭਰਤੀ ਪ੍ਰਕਿਰਿਆ ਮੁਕੰਮਲ ਕਰਾਉਣ ਲਈ ਹਲਫ਼ਨਾਮਾ ਦਾਇਰ ਕਰਨ ਤਕ ਮਰਨ ਵਰਤ ਜਾਰੀ ਰਹੇਗਾ। ਇਸ ਮੌਕੇ ਰਵੀ ਕੁਮਾਰ ਪਠਾਨਕੋਟ, ਸ਼ਲਿੰਦਰ ਲਾਧੂਕਾ, ਨਰਿੰਦਰ ਸੰਗਰੂਰ, ਗੁਰਪ੍ਰੀਤ ਸਮਾਣਾ, ਜੀਵਨ ਮੂਣਕ, ਗੁਰਜੰਟ ਪਟਿਆਲਾ, ਹਰਬੰਸ ਪਟਿਆਲਾ ਆਦਿ ਮੌਜੂਦ ਸਨ।
ਠੇਕਾ ਮੁਲਾਜ਼ਮਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਖ਼ਿਲਾਫ਼ ਮੁਜ਼ਾਹਰੇ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਦਸਹਿਰੇ ਦੇ ਤਿਉਹਾਰ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸਡ ਅਤੇ ਐਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਆਦਮਕੱਦ ਪੁਤਲੇ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸ੍ਰੀ ਆਨੰਦਪੁਰ ਸਾਹਿਬ ਵਿੱਚ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਦਫ਼ਤਰ ਅੱਗੇ ਅੱਜ ਇਕੱਤਰ ਹੋਏ ਠੇਕਾ ਮੁਲਾਜ਼ਮਾਂ ਨੇ ਭਰਵੀਂ ਰੈਲੀ ਕੀਤੀ ਤੇ ਮਗਰੋਂ ਮਾਰਚ ਕਰਕੇ ਕੇਂਦਰ ਤੇ ਸੂਬਾ ਸਰਕਰਾਂ ਦਾ ਪੁਤਲਾ ਫੂਕਿਆ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਹੁਣ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦੇ ਸੂਬਾਈ ਆਗੂਆਂ ਨਾਲ 12 ਸਤੰਬਰ ਨੂੰ ਕੀਤੀ ਪੈਨਲ ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੇ ਸਮੂਹ ਮੰਗਾਂ ਤੇ ਸਹਿਮਤੀ ਪ੍ਰਗਟਾਉਂਦੇ ਹੋਏ ਮੀਟਿੰਗ ਵਿੱਚ ਹੋਈਆਂ ਕੁਲ ਸਹਿਮਤੀਆਂ ਦਾ ਪ੍ਰੋਸੀਡਿੰਗ ਪੱਤਰ 15 ਸਤੰਬਰ ਤੱਕ ਆਗੂਆਂ ਨੂੰ ਦੇਣ ਤੇ 30 ਸਤੰਬਰ ਤੱਕ ਆਗੂਆਂ ਨਾਲ ਮੁੜ ਮੀਟਿੰਗ ਕਰਨ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲਦ ਮੀਟਿੰਗ ਕਰਵਾਉਣ ਦਾ ਵਾਅਦਾ ਵੀ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ।