ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਸਤੰਬਰ
ਪੰਜਾਬ ਸਰਕਾਰ ਵਲੋਂ ਸੁਣਵਾਈ ਨਾ ਹੋਣ ਤੋਂ ਅੱਕੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਅੱਜ ਇਥੇ ਸੁਨਾਮ ਰੋਡ ’ਤੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਅਤੇ ਬਾਕੀ ਅਧਿਆਪਕਾਂ ਵਲੋਂ ਟੈਂਕੀ ਹੇਠਾਂ ਰੋਸ ਧਰਨਾ ਸ਼ੁਰੂ ਕੀਤਾ ਗਿਆ। ਬੇਰੁਜ਼ਗਾਰ ਪੀਟੀਆਈ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ 646 ਅਸਾਮੀਆਂ ਦੀ ਮੈਰਿਟ ਸੂਚੀ ਜਾਰੀ ਕਰਨ ਦੀ ਮੰਗ ਕਰਦੇ ਆ ਰਹੇ ਹਨ। ਭਾਵੇਂ ਕਿ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਵਲੋਂ ਅੱਜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਪ੍ਰੋਗਰਾਮ ’ਚ ਤਬਦੀਲੀ ਕਰਦਿਆਂ ਅਣਮਿਥੇ ਸਮੇਂ ਲਈ ਸੰਘਰਸ਼ ਵਿੱਢ ਦਿੱਤਾ ਗਿਆ।
ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਇਥੇ ਬੀਐਸਐਨਐਲ ਪਾਰਕ ਵਿਚ ਇਕੱਠੇ ਹੋਏ ਜਿਥੇ ਮੀਟਿੰਗ ਕਰਨ ਤੋਂ ਬਾਅਦ ਉਹ ਸੁਨਾਮ ਰੋਡ ’ਤੇ ਪੁੱਜੇ ਜਿਥੇ ਚਾਰ ਬੇਰੁਜ਼ਗਾਰ ਅਧਿਆਪਕ ਪਰਗਟ ਸਿੰਘ ਭੁੱਲਰ, ਮਨਜੀਤ ਸਿੰਘ, ਦਿਲਬਰ ਸਿੰਘ ਅਤੇ ਸ਼ਿੰਦਰ ਰਾਮ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਜਦਕਿ ਬਾਕੀ ਬੇਰੁਜ਼ਗਾਰ ਅਧਿਆਪਕਾਂ ਨੇ ਟੈਂਕੀ ਹੇਠਾਂ ਧਰਨਾ ਸ਼ੁਰੂ ਕਰ ਦਿੱਤਾ। ਸੂਬਾ ਆਗੂ ਕ੍ਰਿਸ਼ਨ ਕੁਮਾਰ ਨਾਭਾ ਨੇ ਕਿਹਾ ਕਿ ਉਹ ਸਾਲ 2011 ਤੋਂ ਮੈਰਿਟ ਸੂਚੀ ਜਾਰੀ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਕਿਸੇ ਵੀ ਸਿੱਖਿਆ ਮੰਤਰੀ ਨੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੀ ਸਾਰ ਨਹੀਂ ਲਈ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੈਨਲ ਮੀਟਿੰਗ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ ਪਰ ਕਰੋਨਾ ਕਾਰਨ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਕੇ.ਕੇ. ਮਿੱਤਲ ਨੇ ਧਰਨਾਕਾਰੀਆਂ ਨੂੰ 20 ਸਤੰਬਰ ਦੀ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਜਿਸ ਮਗਰੋਂ ਉਹ ਟੈਂਕੀ ਤੋਂ ਹੇਠਾਂ ਆ ਗਏ ਤੇ ਚਲ ਰਿਹਾ ਧਰਨਾ ਚੁੱਕ ਲਿਆ।