ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਨਵੰਬਰ
ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਅੱਜ ਇਥੇ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਬੀਐੱਸਐੱਨਐੱਲ ਦੇ ਟਾਵਰ ਉਪਰ ਚੜ੍ਹ ਗਏ ਅਤੇ ਬਾਕੀ ਬੇਰੁਜ਼ਗਾਰ ਅਧਿਆਪਕਾਂ ਨੇ ਜਿਥੇ ਹੇਠਾਂ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ, ਊੱਥੇ ਮੰਤਰੀ ਦੀ ਕੋਠੀ ਨੇੜੇ ਧੂਰੀ-ਪਟਿਆਲਾ ਬਾਈਪਾਸ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ। ਪ੍ਰਦਰਸ਼ਨਕਾਰੀ ਅਧਿਆਪਕ ਮੰਗ ਕਰ ਰਹੇ ਸਨ ਕਿ 646 ਪੀਟੀਆਈ ਅਧਿਆਪਕਾਂ ਦੀ ਮੈਰਿਟ ਸੂਚੀ ਜਲਦੀ ਜਾਰੀ ਕੀਤੀ ਜਾਵੇ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਊਟੀ ਮੈਜਿਸਟ੍ਰੇਟ ਅਤੇ ਡੀਐੱਸਪੀ ਸੱਤਪਾਲ ਸ਼ਰਮਾ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ।
ਟਾਵਰ ’ਤੇ ਚੜ੍ਹਨ ਵਾਲਿਆਂ ’ਚ ਪੰਜ ਬੇਰੁਜ਼ਗਾਰ ਪੀਟੀਆਈ ਅਧਿਆਪਕ ਅਸ਼ੋਕ ਕੁਮਾਰ, ਸ਼ਿੰਦਰ ਰਾਮ, ਵਕੀਲ ਰਾਮ, ਦਿਲਵਰ ਅਤੇ ਅਵਤਾਰ ਸਿੰਘ ਸ਼ਾਮਲ ਸਨ। ਬੇਰੁਜ਼ਗਾਰ ਪੀਟੀਆਈ ਅਧਿਆਪਕ 646 ਯੂਨੀਅਨ ਦੇ ਸੂਬਾ ਕਮੇਟੀ ਆਗੂ ਕ੍ਰਿਸ਼ਨ ਨਾਭਾ, ਅਸ਼ੋਕ ਕੁਮਾਰ ਫਾਜ਼ਿਲਕਾ, ਸੰਦੀਪ ਸਿੰਘ ਸੰਗਰੂਰ, ਕਮਲਪ੍ਰੀਤ ਸਿੰਘ ਸੁਨਾਮ, ਪਰਗਟ ਸਿੰਘ ਭੁੱਲਰ ਅਤੇ ਰਾਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਅਣਗਿਣਤ ਪੈਨਲ ਮੀਟਿੰਗਾਂ ਕਰਨ ਤੋਂ ਬਾਅਦ ਵੀ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਪੱਲੇ ਨਿਰਾਸ਼ਾ ਹੀ ਪਈ ਹੈ। ਉਨ੍ਹਾਂ ਦੱਸਿਆ ਕਿ 8 ਅਕਤੂਬਰ ਨੂੰ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਪੈਨਲ ਮੀਟਿੰਗ ਦੌਰਾਨ ਮੰਗਾਂ ਦੇ ਨਿਪਟਾਰੇ ਲਈ 10 ਦਿਨ ਦਾ ਸਮਾਂ ਮੰਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਇਲਾਵਾ ਪਹਿਲੀ ਨਵੰਬਰ ਨੂੰ ਸੰਗਰੂਰ ’ਚ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਨਵੰਬਰ ਤੱਕ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਾਉਣ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ ਪਰ ਹਰ ਵਾਰ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਲਿਖਤੀ ਭਰੋਸੇ ਤੋਂ ਮੁੱਕਰਦਾ ਰਿਹਾ ਹੈ। ਇਸ ਤੋਂ ਅੱਕ ਕੇ ਅੱਜ ਬੇਰੁਜ਼ਗਾਰ ਅਧਿਆਪਕ ਮੋਬਾਈਲ ਟਾਵਰ ’ਤੇ ਚੜ੍ਹਨ ਲਈ ਮਜਬੂਰ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ 646 ਪੀਟੀਆਈ ਅਧਿਆਪਕਾਂ ਦੀ ਮੈਰਿਟ ਸੂਚੀ ਜਾਰੀ ਕੀਤੀ ਜਾਵੇ, ਜਦੋਂ ਤੱਕ ਸੂਚੀ ਜਾਰੀ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸੇ ਦੌਰਾਨ ਡਿਊਟੀ ਮੈਜਿਸਟ੍ਰੇਟ ਅਤੇ ਡੀਐੱਸਪੀ ਸੱਤਪਾਲ ਸ਼ਰਮਾ ਵਲੋਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਤਰਫ਼ੋਂ 24 ਨਵੰਬਰ ਨੂੰ ਪੈਨਲ ਮੀਟਿੰਗ ਕਰਾਉਣ ਦਾ ਲਿਖਤੀ ਪੱਤਰ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਸੌਂਪਿਆ ਗਿਆ, ਜਿਸ ਮਗਰੋਂ ਟਾਵਰ ’ਤੇ ਚੜ੍ਹੇ ਪੰਜ ਬੇਰੁਜ਼ਗਾਰ ਕਰੀਬ ਚਾਰ ਘੰਟਿਆਂ ਮਗਰੋਂ ਹੇਠਾਂ ਉਤਰੇ ਅਤੇ ਰੋਸ ਧਰਨਾ ਖਤਮ ਕੀਤਾ।