ਸ਼ਸ਼ੀ ਪਾਲ ਜੈਨ
ਖਰੜ, 28 ਸਤੰਬਰ
ਇੱਥੇ ਪੰਜਾਬ ਭਰ ਤੋਂ ਪਹੁੰਚੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੁਪਹਿਰ ਬਾਅਦ ਜਦੋਂ ਉਨ੍ਹਾਂ ਮੁੱਖ ਮੰਤਰੀ ਦੀ ਕੋਠੀ ਵੱਲ ਚਾਲੇ ਪਾਏ ਤਾਂ ਪੁਲੀਸ ਨੇ ਮੀਟਿੰਗ ਦਾ ਸਮਾਂ ਲੈਣ ਬਾਰੇ ਆਖ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਨੇੜੇ ਹੀ ਰੋਕ ਲਿਆ। ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ 2364 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਨਿਰੋਲ ਈਟੀਟੀ ਸਿਲੈਕਟਡ ਉਮੀਦਵਾਰਾਂ, ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ 6635 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਉਮਰ ਦੀ ਛੋਟ ਦੇ ਕੇ ਭਰਤੀ ਪ੍ਰੀਖਿਆ ਮੁਕੰਮਲ ਕੀਤੀ ਜਾਵੇ।
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਇਨ੍ਹਾਂ ਅਧਿਆਪਕਾਂ ਦੀ ਗੱਲ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਨਾਲ ਕਰਵਾ ਦੇਣਗੇ ਪਰ ਫਿਰ ਵੀ ਅਧਿਆਪਕ ਸਿਵਲ ਹਸਪਤਾਲ ਦੀ ਸੜਕ ’ਤੇ ਬੈਠ ਕੇ ਧਰਨਾ ਦਿੰਦੇ ਰਹੇ। ਪੁਲੀਸ ਅਧਿਕਾਰੀ ਅਧਿਆਪਕਾਂ ਦੀ 5 ਮੈਂਬਰੀ ਕਮੇਟੀ ਨੂੰ ਪ੍ਰਿੰਸੀਪਲ ਸੈਕਟਰੀ ਨਾਲ ਮੀਟਿੰਗ ਕਰਵਾਉਣ ਲਈ ਚੰਡੀਗੜ੍ਹ ਲੈ ਕੇ ਗਏ। ਅਧਿਆਪਕਾਂ ਵੱਲੋਂ ਖਰੜ ਸੜਕ ਉੱਤੇ ਲਾਇਆ ਧਰਨਾ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।