ਮਿਹਰ ਸਿੰਘ
ਕੁਰਾਲੀ, 2 ਅਪਰੈਲ
ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਦੀ ਮੀਟਿੰਗ ਅੱਜ ਇੱਥੇ ਦੁਸਹਿਰਾ ਗਰਾਊਂਡ ਵਿੱਚ ਹੋਈ। ਮੀਟਿੰਗ ਦੌਰਾਨ ਸਿੱਖਿਆ ਵਿਭਾਗ ਵਿੱਚ ਲਾਇਬ੍ਰੇਰੀਅਨਾਂ ਦੀ ਭਰਤੀ ਲਈ ਦਿੱਤੇ ਇਸ਼ਤਿਹਾਰ ਵਿੱਚ ਉਮਰ ਹੱਦ ਦੀ ਛੋਟ ਦੇਣ ਅਤੇ ਵਿੱਦਿਅਕ ਯੋਗਤਾ ਵਿੱਚ ਸੋਧ ਕਰਨ ਦੀ ਮੰਗ ਕਰਦਿਆਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਸਿਮਰ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਵਿੱਚ ਲਾਇਬ੍ਰੇਰੀਅਨਾਂ ਦੀ ਭਰਤੀ ਲਈ ਦਿੱਤੇ ਇਸ਼ਤਿਹਾਰ ਦੀ ਨਿਖੇਧੀ ਕਰਦਿਆਂ ਸਿਮਰ ਸਿੰਘ, ਅਮਨਦੀਪ ਕੌਰ, ਲਖਵੀਰ ਸਿੰਘ, ਪਰਮਿੰਦਰ ਸਿੰਘ ਨੇ ਕਿਹਾ ਕਿ ਅਧੀਨ ਸੇਵਾਵਾ ਬੋਰਡ ਰਾਹੀਂ ਇਹ ਭਰਤੀ ਲੰਮੇਂ ਸਮੇਂ ਬਾਅਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਨੂੰ ਝਕਾਨੀ ਦੇਣ ਲਈ ਇਸ਼ਤਿਹਾਰ ਵਿੱਚ ਵਿਦਿਅਕ ਯੋਗਤਾ ਦੋ ਸਾਲਾ ਲਾਇਬ੍ਰੇਰੀ ਡਿਪਲੋਮਾ ਦੀ ਮੰਗ ਕੀਤੀ ਗਈ ਹੈ ਜਦਕਿ ਪੰਜਾਬ ਦੀਆਂ ਵਧੇਰੇ ਯੂਨੀਵਰਸਿਟੀਆਂ ਇੱਕ ਸਾਲ ਦਾ ਡਿਪਲੋਮਾ ਕਰਵਾਉਂਦੀਆਂ ਹਨ। ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵਲੋਂ ਉਮਰ ਹੱਦ ਵਿੱਚ ਵੀ ਕੋਈ ਛੋਟ ਨਹੀਂ ਦਿੱਤੀ ਗਈ ਜਦਕਿ ਲੰਮੇਂ ਅਰਸੇ ਤੋਂ ਬਾਅਦ ਕੀਤੀ ਜਾ ਰਹੀ ਇਸ ਭਰਤੀ ਲਈ ਉੱਪਰਲੀ ਉਮਰ ਹੱਦ ਵਿੱਚ ਘੱਟੋ ਘੱਟ 10 ਸਾਲ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ। ਆਗੂਆਂ ਨੇ ਯੋਗਤਾ ਵਿੱਚ ਸੋਧ ਕਰਕੇ ਇੱਕ ਸਾਲਾ ਡਿਪਲੋਮਾ ਕਰਨ ਅਤੇ ਉਮਰ ਹੱਦ ਵਿੱਚ ਦਸ ਸਾਲਾਂ ਦੀ ਛੋਟ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਅਤੇ ਸੜਕਾਂ ’ਤੇ ਆ ਕੇ ਸਰਕਾਰ ਨੂੰ ਘੇਰਨਗੇ।