ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਅਪਰੈਲ
ਪੰਜਾਬ ਭਰ ਤੋਂ ਪੁੱਜੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਵਲੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇਥੇ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਬੇਰੁਜ਼ਗਾਰ ਮੁੱਖ ਮੰਤਰੀ ਲਈ ‘ਹਰੇ ਪੈਨ’ ਲੈ ਕੇ ਪੁੱਜੇ ਸਨ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਬੇਰੁਜ਼ਗਾਰੀ ਦੂਰ ਕਰਨ ਲਈ ‘ਹਰਾ ਪੈਨ’ ਦੇਣ ਦੀ ਪੇਸ਼ਕਸ਼ ਵੀ ਕੀਤੀ ਜਿਉਂ ਹੀ ਪੁਲੀਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਅੱਗੇ ਵਧਣ ਤੋਂ ਰੋਕਿਆ ਤਾਂ ਪੁਲੀਸ ਨਾਲ ਖਿੱਚ-ਧੂਹ ਵੀ ਹੋਈ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਸੱਤਾ ਹਾਸਲ ਹੁੰਦਿਆਂ ਹੀ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਹਰਾ ਪੈਨ ਬੇਰੁਜ਼ਗਾਰੀ ਦੂਰ ਕਰਨ ਲਈ ਚੱਲੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ ਕਾਰਨ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਦੀਆਂ 6635 ਅਤੇ 2364 ਅਸਾਮੀਆਂ ਅਦਾਲਤੀ ਕੇਸਾਂ ਵਿਚ ਫਸੀਆਂ ਹੋਈਆਂ ਹਨ ਪਰ ‘ਆਪ’ ਸਰਕਾਰ ਵਲੋਂ ਅਦਾਲਤ ’ਚੋਂ ਭਰਤੀਆਂ ਨੂੰ ਬਾਹਰ ਕੱਢਣ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ ਅਤੇ 5994 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ 16 ਦਸੰਬਰ ਨੂੰ ਜਾਰੀ ਹੋ ਚੁੱਕਿਆ ਸੀ ਪਰੰਤੂ ਅਜੇ ਤੱਕ ਆਨਲਾਈਨ ਪੋਰਟਲ ਵੀ ਨਹੀਂ ਖੋਲ੍ਹਿਆ ਗਿਆ। ਰੋਸ ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 18 ਅਪਰੈਲ ਨੂੰ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਦਾ ਲਿਖਤੀ ਪੱਤਰ ਯੂਨੀਅਨ ਆਗੂਆਂ ਨੂੰ ਸੌਂਪਿਆ ਗਿਆ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।