ਐੱਨ.ਪੀ. ਧਵਨ
ਪਠਾਨਕੋਟ, 5 ਸਤੰਬਰ
ਕੁਝ ਨੌਜਵਾਨ ਅੱਜ ਰੁਜ਼ਗਾਰ ਦੀ ਮੰਗ ਸਬੰਧੀ ਸੰਸਦ ਮੈਂਬਰ ਅਤੇ ਫਿਲਮੀ ਅਦਾਕਾਰ ਸਨੀ ਦਿਓਲ ਨੂੰ ਮਿਲਣ ਉਨ੍ਹਾਂ ਦੇ ਘਰ ਅੱਗੇ ਇਕੱਠੇ ਹੋ ਰਹੇ ਸਨ ਪਰ ਸਨੀ ਦਿਓਲ ਨੌਜਵਾਨਾਂ ਨੂੰ ਮਿਲੇ ਬਿਨਾਂ ਹੀ ਗੱਡੀ ਵਿੱਚ ਸਵਾਰ ਹੋ ਕੇ ਕਿਸੇ ਮੀਟਿੰਗ ਵਿੱਚ ਚਲੇ ਗਏ। ਇਸ ਮਗਰੋਂ ਰੋਹ ਵਿੱਚ ਆਏ ਨੌਜਵਾਨਾਂ ਨੇ ਸੰਸਦ ਮੈਂਬਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਭਖਦਾ ਦੇਖ ਕੇ ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਹੋਰ ਪੁਲੀਸ ਮੰਗਵਾ ਲਈ। ਇਸ ਦੌਰਾਨ ਸਬ-ਇੰਸਪੈਕਟਰ ਸਤਬੀਰ ਸਿੰਘ ਨੇ ਨੌਜਵਾਨਾਂ ਨੂੰ ਤਾਲਾਬੰਦੀ ਦਾ ਹਵਾਲਾ ਦੇ ਕੇ ਸੰਸਦ ਮੈਂਬਰ ਦੀ ਰਿਹਾਇਸ਼ ਤੋਂ ਦੂਰ ਜਾਣ ਲਈ ਕਿਹਾ ਪਰ ਨੌਜਵਾਨ ਇੱਕ-ਦੂਜੇ ’ਚ ਫਾਸਲਾ ਰੱਖ ਕੇ ਆਪਣਾ ਰੋਸ ਪ੍ਰਗਟ ਕਰਦੇ ਰਹੇ। ਜਦੋਂ ਸਨੀ ਦਿਓਲ ਵਾਪਸ ਨਾ ਆਏ ਤਾਂ ਨੌਜਵਾਨ ਨਿਰਾਸ਼ ਹੋ ਕੇ ਚਲੇ ਗਏ।
ਰੋਸ ਪ੍ਰਗਟ ਕਰਨ ਵਾਲੇ ਨੌਜਵਾਨਾਂ ਨਿਊ ਥਰਿਆਲ ਵਾਸੀ ਗਗਨਦੀਪ ਸਿੰਘ, ਪਿੰਡ ਬੇਹੜੀਆਂ ਤੋਂ ਸੰਜੀਵ ਸਿੰਘ, ਸੰਜੂ ਬੇਹੜੀਆਂ, ਗੌਰਵ, ਸੰਦੀਪ ਸਿੰਘ, ਲਖਵਿੰਦਰ ਸਿੰਘ, ਅਭੀ ਠਾਕੁਰ, ਹੈਪੀ ਆਦਿ ਨੇ ਕਿਹਾ ਕਿ ਜਦੋਂ ਤੋਂ ਕਰੋਨਾ ਕਾਲ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਰੁਜ਼ਗਾਰ ਦਾ ਬਹੁਤ ਬੁਰਾ ਹਾਲ ਹੈ। ਇਸੇ ਸਬੰਧੀ ਮੰਗਾਂ ਰੱਖਣ ਲਈ ਉਹ ਸੰਸਦ ਮੈਂਬਰ ਨੂੰ ਮਿਲਣ ਆਏ ਸਨ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਵੋਟਾਂ ਕਾਰਨ ਹੀ ਸਨੀ ਦਿਓਲ ਜਿੱਤੇ ਹਨ ਪਰ ਉਹ ਹਰ ਵਾਰ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ-ਚਰਚਾ ਕੀਤੇ ਬਿਨਾਂ ਹੀ ਵਾਪਸ ਮੁੰਬਈ ਚਲੇ ਜਾਂਦੇ ਹਨ। ਇਸ ਸਬੰਧੀ ਸਨੀ ਦਿਓਲ ਦੇ ਪੀਏ ਪੰਕਜ ਸ਼ਰਮਾ ਨੇ ਕਿਹਾ ਕਿ ਉਹ ਸੰਸਦ ਮੈਂਬਰ ਨਾਲ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਗਏ ਸਨ। ਉਨ੍ਹਾਂ ਦੇ ਜਾਣ ਪਿੱਛੋਂ ਹੀ ਨੌਜਵਾਨ ਆਏ ਤੇ ਆਪਣਾ ਰੋਸ ਪ੍ਰਗਟ ਕੀਤਾ।
ਸੰਸਦ ਮੈਂਬਰ ਵੱਲੋਂ ਐੱਸਐੱਸਪੀ ਨਾਲ ਮੁਲਾਕਾਤ
ਸੰਸਦ ਮੈਂਬਰ ਸਨੀ ਦਿਓਲ ਨੇ ਅੱਜ ਜ਼ਿਲ੍ਹਾ ਪਠਾਨਕੋਟ ਦੀ ਸੁਰੱਖਿਆ ਦੇ ਮਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕ੍ਰਿਕਟ ਖਿਡਾਰੀ ਸੁਰੇਸ਼ ਰੈਣਾ ਦੇ ਪਰਿਵਾਰ ’ਤੇ ਹੋਏ ਹਮਲੇ ਦੀ ਜਾਣਕਾਰੀ ਲਈ। ਸਨੀ ਦਿਓਲ ਨੇ ਆਸ ਪ੍ਰਗਟਾਈ ਕਿ ਰੈਣਾ ਪਰਿਵਾਰ ਨੂੰ ਜਲਦੀ ਤੋਂ ਜਲਦੀ ਨਿਆਂ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਔਖੇ ਵੇਲੇ ਉਹ ਪਰਿਵਾਰ ਦੇ ਨਾਲ ਹਨ।