ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ’ਤੇ ਤਪਾ ਮੰਡੀ ਨੇੜੇ ਪਿੰਡ ਘੜੈਲਾ ਕੋਲ ਕਰੀਬ 16 ਕਰੋੜ ਦੀ ਲਾਗਤ ਨਾਲ ਅੰਡਰਪਾਸ ਬਣੇਗਾ। ਪੰਜਾਬ ਵਿੱਚ ਕੌਮੀ ਮਾਰਗਾਂ ’ਤੇ ਕਰੀਬ ਦਰਜਨ ‘ਬਲੈਕ ਸਪੌਟ’ ਸ਼ਨਾਖ਼ਤ ਕੀਤੇ ਗਏ ਹਨ, ਜਿੱਥੇ ਆਏ ਦਿਨ ਸੜਕ ਹਾਦਸੇ ਹੁੰਦੇ ਸਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਤਪਾ ਮੰਡੀ ਦੇ ਵਾਸੀਆਂ ਦੀ ਕਾਫੀ ਸਮੇਂ ਤੋਂ ਮੰਗ ਸੀ ਕਿ ਪਿੰਡ ਘੜੈਲਾ ਨੇੜੇ ਇਸ ਰਸਤੇ ’ਤੇ ਅੰਡਰਪਾਸ ਬਣਾਇਆ ਜਾਵੇ। ਉਨ੍ਹਾਂ ਇਸ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲ ਮੰਗ ਰੱਖੀ ਸੀ, ਜਿਨ੍ਹਾਂ ਦੇ ਹੁਕਮਾਂ ਮਗਰੋਂ ਕੌਮੀ ਸੜਕ ਮੰਤਰਾਲੇ ਨੇ ਇਸ ਅੰਡਰਪਾਸ ਲਈ 16.33 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਕੌਮੀ ਸੜਕ ਮੰਤਰਾਲੇ ਵੱਲੋਂ ਪੰਜਾਬ ਭਰ ’ਚ ਬਲੈਕ ਸਪੌਟ ਦੀ ਸ਼ਨਾਖਤ ਕਰਕੇ ਕਈ ਥਾਈਂ ਲਾਈਟਾਂ ਸਮੇਤ ਹੋਰ ਬਦਲਵੇਂ ਪ੍ਰਬੰਧ ਕੀਤੇ ਜਾਣੇ ਹਨ।