ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਨਵੰਬਰ
ਚੰਡੀਗੜ੍ਹ-ਅੰਬਾਲਾ ਰੋਡ ’ਤੇ ਜ਼ੀਰਕਪੁਰ ਅਤੇ ਚੰਡੀਗੜ੍ਹ ਦੀ ਹੱਦ ’ਤੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਅੰਡਰਪਾਸ ਕਾਰਨ ਆਵਾਜਾਈ ਦੇ ਰੂਟ ਬਦਲ ਦਿੱਤੇ ਗਏ ਹਨ, ਜਿਸ ਕਾਰਨ ਬਠਿੰਡਾ, ਸਿਰਸਾ ਤੇ ਅੱਗੇ ਜਾਣ ਵਾਲੇ ਲੋਕਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਤੋਂ ਜ਼ੀਰਕਪੁਰ ਵਾਲੀ ਸੜਕ ਬੰਦ ਹੋਣ ਕਰ ਕੇ ਇਹ ਬੱਸਾਂ ਸੈਕਟਰ-43 ਬੱਸ ਅੱਡੇ ਤੋਂ ਟ੍ਰਿਬਿਊਨ ਚੌਕ, ਮਨੀਮਾਜਰਾ, ਪੰਚਕੂਲਾ ਤੋਂ ਹੁੰਦੇ ਹੋਏ ਜ਼ੀਰਕਪੁਰ ਪਹੁੰਚ ਰਹੀਆਂ ਹਨ। ਇਸ ਦੌਰਾਨ ਇਕ ਘੰਟੇ ਦਾ ਵਾਧੂ ਸਮਾਂ ਲਗਦਾ ਹੈ। ਅੱਗੇ ਆਪਣੀ ਮੰਜ਼ਿਲ ਉੱਤੇ ਤੈਅ ਸਮੇਂ ’ਤੇ ਨਾ ਪੁੱਜਣ ਕਾਰਨ ਇਸ ਦਾ ਲਾਹਾ ਨਿੱਜੀ ਬੱਸ ਅਪਰੇਟਰ ਲੈ ਰਹੇ ਹਨ। ਇਹ ਬੱਸਾਂ ਜ਼ੀਰਕਪੁਰ, ਰਾਜਪੁਰਾ ਤੇ ਪਟਿਆਲਾ ਵਿਚੋਂ ਨਿੱਜੀ ਬੱਸਾਂ ਸਾਰੀ ਸਵਾਰੀਆਂ ਚੁੱਕਦੇ ਹੋਏ ਸਰਕਾਰੀ ਖਜ਼ਾਨੇ ਨੂੰ ਮੁੜ ਚੂਨਾ ਲਗਾ ਰਹੀਆਂ ਹਨ। ਸਭ ਤੋਂ ਵੱਧ ਨੁਕਸਾਨ ਪੀਆਰਟੀਸੀ ਦੀਆਂ ਲੰਬੇ ਰੂਟਾਂ ਦੀਆਂ ਬੱਸਾਂ ਦਾ ਹੋ ਰਿਹਾ ਹੈ। ਜਾਣਕਾਰੀ ਦਿੰਦਿਆਂ ਇੱਕ ਔਰਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਦਾ ਬੱਸ ਸਫ਼ਰ ਭਾਵੇਂ ਮੁਫ਼ਤ ਕਰ ਦਿੱਤਾ ਪਰ ਕੁਝ ਦਿਨਾਂ ਤੋਂ ਪੀਆਰਟੀਸੀ ਦੀਆਂ ਬੱਸਾਂ ’ਚ ਸਫ਼ਰ ਕਰਨਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪੀਆਰਟੀਸੀ ਦੇ ਲੰਬੇ ਰੂਟਾਂ ਖ਼ਾਸ ਤੌਰ ’ਤੇ ਬਠਿੰਡਾ, ਮਾਨਸਾ, ਸਿਰਸਾ ਤੇ ਡੱਬਵਾਲੀ ਜਾਣ ਵਾਲੀਆਂ ਬੱਸਾਂ ਨੂੰ ਸੈਕਟਰ-43 ਬੱਸ ਅੱਡੇ ਤੋਂ ਸੈਕਟਰ-47 ਹੁੰਦਿਆਂ ਏਅਰਪੋਰਟ ਰੋਡ ’ਤੇ ਸਿੱਧੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਨਾਲ ਦੂਰ ਦੁਰਾਡੇ ਦੀਆਂ ਸਵਾਰੀਆਂ ਨੂੰ ਸੌਖਾ ਹੋ ਜਾਵੇਗਾ ਤੇ ਪਟਿਆਲਾ ਜਾਂ ਸੰਗਰੂਰ ਤੱਕ ਜਾਣ ਵਾਲੀਆਂ ਬੱਸਾਂ ਨੂੰ ਚੰਡੀਗੜ੍ਹ ਵਾਇਆ ਪੰਚਕੂਲਾ ਤੋਂ ਜ਼ੀਰਕਪੁਰ ਦੇ ਰੂਟ ਦਿੱਤੇ ਜਾਣ।