ਪੱਤਰ ਪੇ੍ਰਕ
ਪਠਾਨਕੋਟ, 11 ਅਗਸਤ
ਦੇਸ਼ ਵਿੱਚ ਚੱਲ ਰਹੇ ਅੰਮ੍ਰਿਤ ਮਹਾਉਤਸਵ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ’ਤੇ ਅੱਜ ਸਥਾਨਕ ਭਾਜਪਾ ਆਗੂਆਂ ਠਾਕੁਰ ਸ਼ਮਸ਼ੇਰ ਸਿੰਘ ਤੇ ਰੋਹਿਤ ਪੁਰੀ ਦੀ ਅਗਵਾਈ ਹੇਠ ਭਾਰਤੀ ਜਨਤਾ ਯੁਵਾ ਮੋਰਚਾ ਦੇ ਆਗੂਆਂ ਤੇ ਵਰਕਰਾਂ ਨੇ ਸਕੂਟਰਾਂ ਤੇ ਮੋਟਰਸਾਈਕਲਾਂ ਉੱਪਰ ਤਿਰੰਗਾ ਯਾਤਰਾ ਕੱਢੀ। ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਇਸ ਤਿਰੰਗਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਹ ਮੋਟਰਸਾਈਕਲ ਰੈਲੀ ਹੋਟਲ ਯੂਨਾਈਟ ਤੋਂ ਸ਼ੁਰੂ ਹੋਈ ਅਤੇ ਗਾਂਧੀ ਚੌਕ ਹੁੰਦੀ ਹੋਈ ਗਾੜੀ ਆਹਾਤਾ ਦੇ ਸ਼ਹੀਦੀ ਚੌਕ ਪੁੱਜ ਕੇ ਸਮਾਪਤ ਹੋਈ। ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦੀ ਆਨ ਸ਼ਾਨ ਹੈ। ਇਸ ਤਿਰੰਗੇ ਲਈ ਸਾਡੇ ਆਜ਼ਾਦੀ ਘੁਲਾਟੀਆਂ ਨੇ ਤੇ ਫੌਜੀ ਜਵਾਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਘਰਾਂ ’ਤੇ ਤਿਰੰਗਾ ਲਹਿਰਾਉਣ ਦਾ ਦਿੱਤਾ ਸੱਦਾ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।