ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਅਧੀਨ ਪੈਂਦੇ ਪਿੰਡ ਫਤਹਿਗੜ੍ਹ ਸਭਰਾਂ ਵਿੱਚ ਅੱਜ ਸਿਰਫ਼ ਛੇ ਕਨਾਲਾਂ ਜ਼ਮੀਨ ਕਾਰਨ ਹੋਏ ਝਗੜੇ ਦੌਰਾਨ ਹੋਈ ਗੋਲੀਬਾਰੀ ਦੌਰਾਨ ਚਾਚੇ-ਭਤੀਜੇ ਦੀ ਮੌਤ ਹੋ ਗਈ ਤੇ ਇੱਕ ਜਣਾ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬਲਵਿੰਦਰ ਸਿੰਘ (63) ਤੇ ਬਲਰਾਜ ਸਿੰਘ (23) ਵਜੋਂ ਹੋਈ ਹੈ, ਜਦਕਿ ਬਲਵਿੰਦਰ ਦੇ ਭਰਾ ਪਰਗਟ ਸਿੰਘ ਦੇ ਪੈਰ ’ਤੇ ਗੋਲੀ ਵੱਜ ਕੇ ਨਿਕਲ ਗਈ ਹੈ। ਜਾਣਕਾਰੀ ਅਨੁਸਾਰ ਗੋਲੀਆਂ ਚਲਾਉਣ ਵਾਲਾ ਮੁੱਖ ਮੁਲਜ਼ਮ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ, ਜਿਸ ਵਿਚ ਇੱਕ ਧਿਰ ਦੇ ਕੁਝ ਲੋਕ ਹਥਿਆਰ ਲੈ ਕੇ ਜ਼ਮੀਨ ਵੱਲ ਨੂੰ ਦੌੜਦੇ ਨਜ਼ਰ ਆ ਰਹੇ ਹਨ। ਹਸਪਤਾਲ ’ਚ ਮੌਜੂਦ ਪਰਗਟ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹਰਭਜਨ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ ਤੇ ਜਸਵੰਤ ਸਿੰਘ ਆਪਣੇ ਦਰਜਨਾਂ ਸਾਥੀਆਂ ਨੂੰ ਨਾਲ ਲੈ ਕੇ ਜ਼ਮੀਨ ’ਤੇ ਕਬਜ਼ਾ ਕਰਨ ਲਈ ਆਏ ਸਨ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮਾਂ ਨੇ ਅੱਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਬਲਵਿੰਦਰ ਸਿੰਘ ਤੇ ਉਸ ਦੇ ਭਤੀਜੇ ਬਲਰਾਜ ਸਿੰਘ ਦੀ ਛਾਤੀ ਵਿੱਚ ਵੱਜੀ ਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਸਾਰੇ ਮੁਲਜ਼ਮਾਂ ਕਾਬੂ ਕਰ ਲਿਆ ਜਾਵੇਗਾ।